India Punjab

Operation JACK ਜੈਪਾਲ ਭੁੱਲਰ ਦੇ ‘ਪੁਲਿਸ ਮੁਕਾਬਲੇ’ ਦੀ ਕਹਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਮੁਤਾਬਕ ਦੋ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਕਲਕੱਤਾ ਵਿੱਚ ਪੰਜਾਬ ਪੁਲਿਸ ਅਤੇ ਪੱਛਮ ਬੰਗਾਲ ਐੱਸਟੀਐੱਫ ਦੀ ਟੀਮ ਨੇ ਦੋਵਾਂ ਨੂੰ ਪੁਲਿਸ ਮੁਕਾਬਲੇ ਵਿੱਚ ਢੇਰ ਕਰ ਦਿੱਤਾ। ਪੁਲਿਸ ਮੁਤਾਬਕ ਪੁਲਿਸ ਨੂੰ ਗੈਂਗਸਟਰਾਂ ਦੀ ਗਵਾਲੀਅਰ ਤੋਂ ਲੀਡ ਮਿਲੀ ਸੀ।

ਪੁਲਿਸ ਕਿਵੇਂ ਕਰ ਰਹੀ ਸੀ ਤਲਾਸ਼

15 ਮਈ ਨੂੰ ਜਗਰਾਉਂ ਦਾਣਾ ਮੰਡੀ ਵਿੱਚ ਏਐੱਸਆਈ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰਾਂ ਦੀ ‘ਆਪ੍ਰੇਸ਼ਨ ਜੈਕ’ ਤਹਿਤ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਦੀ ਇਸ ਤਲਾਸ਼ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਾ ਹਰਿਆਣਾ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੱਕ ਭਾਲ ਕੀਤੀ ਜਾ ਰਹੀ ਸੀ। ਹੌਲੀ-ਹੌਲੀ ਇਨ੍ਹਾਂ ਦੇ ਖਿਲਾਫ ਸੁਰਾਗ ਮਿਲਦੇ ਗਏ ਅਤੇ ਜੈਪਾਲ ਭੁੱਲਰ ਦੀ ਤਲਾਸ਼ ਪੱਛਮ ਬੰਗਾਲ ਦੇ ਕਲਕੱਤਾ ਦੇ ਨਿਊ ਟਾਊਨ ਇਲਾਕੇ ਦੀ ਸ਼ਪੂਰਜੀ ਸੁਸਾਇਟੀ ਵਿੱਚ ਹੋਈ। ਉਸਦੇ ਨਾਲ ਜਸਪ੍ਰੀਤ ਜੱਸੀ ਵੀ ਮੌਜੂਦ ਸੀ। ਇਹ ਦੋਵੇਂ ਸੁਸਾਇਟੀ ਦੇ ਫਲੈਟ ਨੰਬਰ ਬੀ 153 ਵਿੱਚ ਮੌਜੂਦ ਸਨ। ਬੁੱਧਵਾਰ ਨੂੰ ਦੁਪਹਿਰ ਦੇ ਕਰੀਬ 3:30 ਵਜੇ ਗੈਂਗਸਟਰਾਂ ਅਤੇ ਪੁਲਿਸ ਦਾ ਆਹਮੋ-ਸਾਹਮਣਾ ਹੋਇਆ।

ਇੱਕ ਕਾਰ ਬਣੀ ਅਹਿਮ ਕੜੀ

10 ਲੱਖ ਰੁਪਏ ਦੇ ਇਨਾਮੀ ਜੈਪਾਲ ਭੁੱਲਰ ਤੱਕ ਪਹੁੰਚਣ ਵਿੱਚ ਇੱਕ ਕਾਰ ਸਭ ਤੋਂ ਅਹਿਮ ਕੜੀ ਸਾਬਿਤ ਹੋਈ, ਜਿਸ ‘ਤੇ ਪੱਛਮ ਬੰਗਾਲ ਦਾ ਨੰਬਰ ਦਰਜ ਸੀ। ਫਿਰ ਇੱਕ ਵਿਅਕਤੀ ਦੇ ਜ਼ਰੀਏ ਪਤਾ ਲੱਗਾ ਕਿ ਇਹ ਦੋਵੇਂ ਪਿਛਲੇ ਇੱਕ ਮਹੀਨੇ ਤੋਂ ਕਲਕੱਤਾ ਵਿੱਚ ਲੁਕਿਆ ਹੋਇਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਕੁਮਾਰ ਨਾਂ ਦੇ ਆਦਮੀ ਨੂੰ ਫੜ੍ਹ ਕੇ ਕੁੱਝ ਜਾਣਕਾਰੀ ਹਾਸਿਲ ਕੀਤੀ, ਜੋ ਦਿੱਲੀ ਨੂੰ ਜਾ ਰਿਹਾ ਸੀ। ਇਸ ਵਿਅਕਤੀ ਤੋਂ ਪਤਾ ਲੱਗਾ ਕਿ ਇਸੇ ਵਿਅਕਤੀ ਨੇ ਗੈਂਗਸਟਰਾਂ ਨੂੰ ਉਹ ਜਗ੍ਹਾ ਲੈ ਕੇ ਦਿੱਤੀ ਸੀ। ਜਸਪ੍ਰੀਤ ਜੱਸੀ ‘ਤੇ 5 ਲੱਖ ਰੁਪਏ ਦਾ ਇਨਾਮ ਸੀ।

ਏ ਕੈਟੇਗਰੀ ਦਾ ਗੈਂਗਸਟਰ ਸੀ ਜੈਪਾਲ ਭੁੱਲਰ – ਡੀਜੀਪੀ

ਡੀਜੀਪੀ ਦਿਨਕਰ ਗੁਪਤਾ

ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੁੱਧਵਾਰ ਦੁਪਹਿਰ 3:30 ਵਜੇ ਬੰਗਾਲ ਪੁਲਿਸ ਦੀ ਟੀਮ ਕੋਲਕਾਤਾ ਦੇ ਨਿਊ ਟਾਊਨ ਇਲਾਕੇ ਵਿੱਚ ਪਹੁੰਚੀ, ਜਿੱਥੇ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਮੌਜੂਦ ਸਨ। ਇਸ ਮੁਕਾਬਲੇ ਦੌਰਾਨ ਜੱਸੀ ਅਤੇ ਭੁੱਲਰ ਦੀ ਮੌਤ ਹੋ ਗਈ ਜਦਕਿ ਬੰਗਾਲ ਪੁਲਿਸ ਦੇ ਇੱਕ ਇੰਸਪੈਕਟਰ ਫੱਟੜ ਹੋ ਗਏ ਹਨ। ਦੋਵਾਂ ਗੈਂਗਸਟਰਾਂ ਕੋਲੋਂ ਚਾਰ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਜੈਪਾਲ ਭੁੱਲਰ ਏ ਕੈਟੇਗਰੀ ਦਾ ਗੈਂਗਸਟਰ ਸੀ ਅਤੇ ਇਸ ਦੇ ਨਾਲ ਹੀ ਉਹ ਨਸ਼ਿਆਂ ਦੀ ਤਸਕਰੀ ਵੀ ਕਰਦਾ ਸੀ। ਏ ਕੈਟੇਗਰੀ ਵਿੱਚੋਂ 20 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਸਨ।

ਏਐੱਸਆਈ ਦਲਵਿੰਦਰਜੀਤ ਸਿੰਘ ਦੀ ਪਤਨੀ ਨੇ ਜਤਾਈ ਸੰਤੁਸ਼ਟੀ

ਜੈਪਾਲ ਭੁੱਲਰ ਦੇ ਐਨਕਾਊਂਟਰ ‘ਤੇ ਏਐੱਸਆਈ ਦਲਵਿੰਦਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਅਜਿਹੇ ਗੈਂਗਸਟਰਾਂ ਦਾ ਇਹੀ ਹਸ਼ਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮਾੜਾ ਕੰਮ ਹੁੰਦਾ ਹੈ, ਉਸਦਾ ਨਤੀਜਾ ਵੀ ਮਾੜਾ ਹੁੰਦਾ ਹੈ। ਮੈਂ ਪੁਲਿਸ ਪ੍ਰਸ਼ਾਸਨ ਨੂੰ ਸਲਿਊਟ ਕਰਦੀ ਹਾਂ, ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਇਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹੋਇਆ ਤਾਂ ਮਾੜਾ ਹੈ ਪਰ ਮਾੜੇ ਕੰਮ ਦੀ ਨਤੀਜਾ ਵੀ ਮਾੜਾ ਆਉਂਦਾ ਹੈ। ਮੈਨੂੰ ਗਰਵ ਮਹਿਸੂਸ ਹੋ ਰਿਹਾ ਹੈ।

ਹੋਣਹਾਰ ਤੇ ਸੁਲਝਿਆ ਹੋਇਆ ਸੀ ਜੈਪਾਲ ਭੁੱਲਰ – ਧਿਆਨ ਸਿੰਘ ਮੰਡ

ਧਿਆਨ ਸਿੰਘ ਮੰਡ ਨੇ ਫਿਰੋਜ਼ਪੁਰ ਵਿੱਚ ਜੈਪਾਲ ਦੇ ਘਰ ਜਾ ਕੇ ਪਰਿਵਾਰ ਨਾਲ ਅਫਸੋਸ ਜ਼ਾਹਿਰ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੈਪਾਲ ਭੁੱਲਰ ਬਹੁਤ ਸਿਆਣਾ ਅਤੇ ਸੁਲਝਿਆ ਹੋਇਆ ਬੱਚਾ ਸੀ। ਅਸੀਂ ਉਸਨੂੰ ਕਦੇ ਸ਼ਰਾਰਤ ਕਰਦੇ ਨਹੀਂ ਵੇਖਿਆ ਸੀ। ਜੈਪਾਲ ਬਹੁਤ ਹੋਣਹਾਰ ਬੱਚਾ ਸੀ। ਉਹ ਮੈਨੂੰ ਮਾਮਾ ਜੀ ਕਹਿ ਕੇ ਬੁਲਾਉਂਦਾ ਸੀ। ਜਦੋਂ ਕੱਲ੍ਹ ਅਸੀਂ ਉਸਦੀ ਮੌਤ ਦੀ ਖਬਰ ਸੁਣੀ ਤਾਂ ਸਾਨੂੰ ਇਕਦਮ ਝਟਕਾ ਲੱਗਿਆ। ਸਾਨੂੰ ਉਸਦੀ ਮੌਤ ‘ਤੇ ਬਹੁਤ ਅਫਸੋਸ ਹੈ। ਉਨ੍ਹਾਂ ਕਿਹਾ ਕਿ ਬੱਚੇ ਕਦੇ ਵੀ ਗਲਤ ਸੰਗਤ ਵਿੱਚ ਪੈ ਸਕਦੇ ਹਨ। ਜੇ ਸਾਡੇ ਯੂਥ ਦੀ ਸੰਭਾਲ ਕੀਤੀ ਜਾਵੇ, ਉਸਨੂੰ ਰੁਜ਼ਗਾਰ ਦਿੱਤਾ ਜਾਵੇ, ਉਸਦੀ ਸੁਣਵਾਈ ਕੀਤੀ ਜਾਵੇ, ਉਸਨੂੰ ਨਸ਼ੇ ਪਿਆ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਨਾ ਕੀਤਾ ਜਾਵੇ ਤਾਂ ਯੂਥ ਇਹੋ ਜਿਹੇ ਹਾਲਾਤਾਂ ਵਿੱਚ ਜਾਣ ਲਈ ਤਿਆਰ ਨਹੀਂ ਹੁੰਦਾ। ਇਸ ਲਈ ਇਸ ਵਿੱਚ ਸਰਕਾਰਾਂ ਦੀ ਵੀ ਗਲਤੀ ਹੈ ਕਿ ਉਸਨੇ ਆਪਣੇ ਯੂਥ ਨੂੰ ਸੰਭਾਲਿਆ ਨਹੀਂ ਹੈ। ਕੋਈ ਨਸ਼ਿਆਂ ਵਿੱਚ ਡੁੱਬ ਗਿਆ, ਕੋਈ ਗੈਂਗਸਟਰ ਬਣ ਗਿਆ, ਇਸ ਵਿੱਚ ਸਰਕਾਰਾਂ ਦੀ ਨਲਾਇਕੀ ਸਾਹਮਣੇ ਆਈ ਹੈ।

ਧਿਆਨ ਸਿੰਘ ਮੰਡ

ਉਨ੍ਹਾਂ ਕਿਹਾ ਕਿ ਏਅਰਪੋਰਟ ਦਿੱਲੀ ‘ਚ ਉਨ੍ਹਾਂ ਦੀ ਮ੍ਰਿਤਕ ਦੇਹ ਆ ਰਹੀ ਹੈ। ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਲੈਣ ਵਾਸਤੇ ਗਏ ਹਨ। ਕੱਲ੍ਹ ਤੱਕ ਉਹ ਮ੍ਰਿਤਕ ਦੇਹ ਨੂੰ ਲੈ ਕੇ ਆਉਣਗੇ।

ਉਨ੍ਹਾਂ ਨੇ ਯੂਥ ਨੂੰ ਅਪੀਲ ਕਰਦਿਆਂ ਕਿਹਾ ਕਿ ਪੜ੍ਹਨਾ, ਮਿਹਨਤ ਕਰਨੀ ਯੂਥ ਦਾ ਕੰਮ ਹੈ। ਖੇਡਾਂ ਵਿੱਚ ਹਿੱਸਾ ਲੈਣਾ, ਆਪਣੇ ਪੈਰਾਂ ‘ਤੇ ਖੜ੍ਹਨਾ ਅੱਜ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਸਰਕਾਰ ਕੋਲੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਅੱਜ ਸਾਨੂੰ ਆਪਣੇ ਪੈਰ ਪੱਕੇ ਆਪ ਕਰਨੇ ਪੈਣਗੇ। ਮਾੜੇ ਕੰਮਾਂ ਦਾ ਨਤੀਜਾ ਹਮੇਸ਼ਾ ਮਾੜਾ ਨਿਕਲਦਾ ਹੈ।

ਪਰਿਵਾਰ ਨੇ ਕਿਹਾ ਕਿ ਜਦੋਂ ਜੈਪਾਲ ਕ੍ਰਾਈਮ ਦੀ ਦੁਨੀਆ ਵਿੱਚ ਗਿਆ ਸੀ ਤਾਂ ਉਨ੍ਹਾਂ ਨੇ ਉਸ ਦੇ ਨਾਲ ਸੰਪਰਕ ਤੋੜ ਦਿੱਤਾ ਸੀ। ਪਰਿਵਾਰ ਨੇ ਉਸਨੂੰ ਬੇਦਖਲ ਕਰ ਦਿੱਤਾ ਸੀ।

ਪੰਜਾਬ ਨੇ ਖੋਹਿਆ ਸਪੋਰਟਮੈਨ, ਪੁੱਤ ਤੇ ਗੈਂਗਸਟਰ – ਬਰਿੰਦਰ ਢਿੱਲੋਂ

ਬਰਿੰਦਰ ਸਿੰਘ ਢਿੱਲੋਂ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੇ ਆਪਣੇ ਸਪੋਰਟਮੈਨ, ਪੁੱਤ, ਗੈਂਗਸਟਰ ਗਵਾਇਆ ਹੈ। ਜੈਪਾਲ ਨੇ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਇਹ ਨਹੀਂ ਸੋਚਿਆ ਸੀ ਕਿ ਉਸਨੇ ਗੈਂਗਸਟਰ ਬਣਨਾ ਹੈ। ਪਰ ਜਿਹੜੇ ਹਾਲਾਤਾਂ ਕਰਕੇ ਉਹ ਇਸ ਰਾਹ ‘ਤੇ ਚੱਲੇ, ਉਨ੍ਹਾਂ ਨੂੰ ਵੀ ਪਤਾ ਸੀ ਕਿ ਸਾਡਾ ਅੰਤ ਇਹੀ ਹੋਣਾ ਹੈ। ਉਨ੍ਹਾਂ ਨੂੰ ਪਤਾ ਸੀ ਕਿ ਜਦੋਂ ਸਾਡਾ ਅੰਤ ਆਵੇਗਾ ਤਾਂ ਸਾਨੂੰ ਜਾਂ ਤਾਂ ਜੇਲ੍ਹ ਮਿਲੇਗੀ ਜਾਂ ਫਿਰ ਮੌਤ। ਗਾਣਿਆਂ ਵਿੱਚ ਵੀ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਉਭਾਰਿਆ ਜਾਂਦਾ ਹੈ ਤਾਂ ਨੌਜਵਾਨ ਇਨ੍ਹਾਂ ਦੀ ਰਾਹ ‘ਤੇ ਚੱਲਦੇ ਹਨ। ਗੈਂਗਸਟਰਾਂ ਦੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ।

ਕੌਣ ਸੀ ਜੈਪਾਲ ਭੁੱਲਰ

ਜੈਪਾਲ ਭੁੱਲਰ ਦਾ ਅਸਲੀ ਨਾਂ ਮਨਜੀਤ ਸਿੰਘ ਹੈ। ਜੈਪਾਲ ਭੁੱਲਰ ਪੰਜਾਬ ਪੁਲਿਸ ਦੇ ਰਿਟਾਇਰਡ ਏਐੱਸਆਈ ਦਾ ਬੇਟਾ ਹੈ। ਸਾਲ 2003 ਵਿੱਚ ਲੁਧਿਆਣਾ ਸਪੋਰਟਸ ਅਕੈਡਮੀ ਵਿੱਚ ਦਾਖਲ ਹੋਇਆ ਸੀ। ਜੈਪਾਲ ਹੈਮਰ ਥ੍ਰੋ ਦਾ ਖਿਡਾਰੀ ਸੀ। ਅਕੈਡਮੀ ਵਿੱਚ ਹੀ ਉਸਦੀ ਬਚਪਨ ਦੇ ਦੋਸਤ ਅਮਨਦੀਪ ਸਿੰਘ ਉਰਫ ਹੈਪੀ ਦੇ ਨਾਲ ਮੁਲਾਕਾਤ ਹੋਈ। ਹੈਪੀ ਦੇ ਪਿਤਾ ਵੀ ਰਿਟਾਇਰਡ ਐੱਸਆਈ ਸਨ। ਹੈਪੀ ਬਾਡੀ ਬਿਲਡਰ ਸੀ ਅਤੇ ਉਹ ਪਹਿਲਾਂ ਹੀ ਕ੍ਰਾਈਮ ਦੀ ਦੁਨੀਆ ਵਿੱਚ ਪੈਰ ਰੱਖ ਚੁੱਕਿਆ ਸੀ। ਜੈਪਾਲ ਜੁਲਾਈ 2004 ਵਿੱਚ ਪਹਿਲੀ ਵਾਰ ਕ੍ਰਾਈਮ ਦੀ ਦੁਨੀਆ ਵਿੱਚ ਵੜ੍ਹਿਆ।

ਉਨ੍ਹਾਂ ਦੇ ਗੈਂਗ ਵਿੱਚ ਜ਼ਿਆਦਾਤਾਰ ਖਿਡਾਰੀ ਅਤੇ ਪੁਲਿਸ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਸਨ। ਸ਼ੇਰਾ, ਜੈਪਾਲ, ਰਾਜਾ ਨੇ ਮਿਲ ਕੇ ਹਾਈਵੇ ਲੁਟੇਰਿਆਂ ਦਾ ਗੈਂਗ ਬਣਾਇਆ। ਸਾਲ 2009 ਵਿੱਚ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਲੁੱਟ-ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਜੂਨ 2009 ਵਿੱਚ ਰਾਜਾ ਤੇ ਗੈਂਗ ਦੇ ਕੁੱਝ ਸਾਥੀ ਪੰਚਕੂਲਾ ਵਿੱਚ ਗ੍ਰਿਫਤਾਰ ਹੋਏ। ਜੁਲਾਈ 2009 ਵਿੱਚ ਜੈਪਾਲ ਤੇ ਦੂਜੇ ਸਾਥੀ ਚੰਡੀਗੜ੍ਹ ਵਿੱਚ ਗ੍ਰਿਫਤਾਰ ਹੋਏ ਸਨ। ਇਨ੍ਹਾਂ ਨੇ ਪੁਲਿਸ ਪੰਜਾਬ, ਹਰਿਆਣਾ, ਦਿੱਲੀ ਸਮੇਤ 27 ਥਾਣਿਆਂ ਵਿੱਚ ਲੈ ਕੇ ਗਈ। ਗਵਾਹਾਂ ਦੇ ਪਿੱਛੇ ਹਟਣ ਕਰਕੇ ਜ਼ਮਾਨਤ ਹੋਈ ਅਤੇ ਉਹ ਬਰੀ ਹੋ ਗਏ।

ਬੁੜੈਲ ਜੇਲ੍ਹ ਵਿੱਚ ਜੈਪਾਲ ਗੈਂਗਸਟਰ ਰਾਕੀ ਤੇ ਪੁਰਾਣੇ ਦੋਸਤ ਹੈਪੀ ਨੂੰ ਮਿਲਿਆ। 2010 ਵਿੱਚ ਸ਼ੇਰਾ ਖੁੱਬਣ ਨੇ ਪੰਜਾਬ ਵਿੱਚ ਗੈਂਗ ਦੀ ਕਮਾਨ ਸੰਭਾਲੀ ਅਤੇ ਨਵੇਂ ਲੋਕ ਜੋੜੇ। ਜੈਪਾਲ ਭੁੱਲਰ ਰਾਜਸਥਾਨ ਗਿਆ ਅਤੇ ਨਸ਼ਾ ਤਸਕਰੀ ਕਰਨ ਲੱਗਿਆ। ਅਪ੍ਰੈਲ 2016 ਵਿੱਚ ਰਾਕੀ ਫਾਜ਼ਿਲਕਾ ਦਾ ਹਿਮਾਚਲ ਵਿੱਚ ਕਤਲ ਹੋ ਗਿਆ। ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਵਿੱਚ ਜੈਪਾਲ ਦੇ ਗੈਂਗ ਦਾ ਨਾਂ ਆਇਆ। 2017 ਵਿੱਚ ਬਨੂੜ ਵੈਨ ਲੁੱਟਣ ਦੇ ਕੇਸ ਵਿੱਚ ਵੀ ਜੈਪਾਲ ਦਾ ਨਾਂ ਆਇਆ। ਫਰਵਰੀ 2020 ਵਿੱਚ ਲੁਧਿਆਣਾ ਗੋਲਡ ਲੁੱਟ ਦੀ ਸਾਜਿਸ਼ ਵੀ ਜੈਪਾਲ ਵੱਲੋਂ ਰਚੀ ਗਈ ਸੀ। ਜੈਪਾਲ ਨੇ ਕਦੇ ਮੋਬਾਈਲ ਫੋਨ ਦਾ ਇਸਤੇਮਾਲ ਨਹੀਂ ਕੀਤਾ ਸੀ।