ਚੰਡੀਗੜ੍ਹ : ਅੱਜ ਇੱਕ ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਵਾਉਣ ਜਾ ਰਹੇ ਹਨ।ਕੀਰਤਪੁਰ ਸਾਹਿਬ-ਸ਼੍ਰੀ ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਪਲਾਜ਼ਾ ਅੱਜ ਤੋਂ ਮੁਫਤ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਆਪ ਆਪਣੇ ਟਵਿਟਰ ਹੈਂਡਲਰ ਤੇ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਹੁਣ ਲੋਕਾਂ ਦੇ ਪੈਸੇ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਕੀਰਤਪੁਰ ਸਾਹਿਬ-ਸ਼੍ਰੀ ਅਨੰਦਪੁਰ ਸਾਹਿਬ -ਨੰਗਲ – ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ। ਉਹਨਾਂ ਦਾਅਵਾ ਕੀਤਾ ਹੈ ਕਿ ਇਸ ਨੂੰ ਬੰਦ ਕਰ ਦੇਣ ਦੇ ਨਾਲ ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ।
ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ..ਅੱਜ ਕੀਰਤਪੁਰ ਸਹਿਬ-ਸੀੑ ਅਨੰਦਪੁਰ ਸਾਹਿਬ -ਨੰਗਲ – ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ..ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ..ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ.. .ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਕੀਤੀ ਉਲ਼ੰਘਣਾ..ਵੇਰਵੇ ਜਲਦੀ.
— Bhagwant Mann (@BhagwantMann) April 1, 2023
ਉਹਨਾਂ ਇਹ ਵੀ ਕਿਹਾ ਹੈ ਕਿ ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਦਰਖਾਸਤ ਕੀਤੀ ਗਈ ਸੀ ਪਰ ਉਸ ਨੂੰ ਸਰਕਾਰ ਨੇ ਖਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀਆਂ ਸਰਤਾਂ ਦੀ ਉਲੰਘਣਾ ਕੀਤੀ ਹੈ। ਇਸ ਬਾਰੇ ਵੇਰਵੇ ਜਲਦੀ ਹੀ ਸਾਰਿਆਂ ਦੇ ਸਾਹਮਣੇ ਰੱਖੇ ਜਾਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਟੋਲ ਪਲਾਜ਼ਿਆਂ ਨੂੰ ਬੰਦ ਕਰਵਾਇਆ ਗਿਆ ਹੈ।ਜਿਹਨਾਂ ਬਾਰੇ ਮਾਨ ਸਰਕਾਰ ਨੇ ਤਰਕ ਦਿੱਤਾ ਹੈ ਕਿ ਇਹਨਾਂ ਕੰਪਨੀਆਂ ਨੇ ਕੀਤੇ ਗਏ ਸਮਝੌਤੇ ਦੀਆਂ ਸ਼ਰਤਾਂ ਨੂੰ ਤੋੜਿਆ ਹੈ।