ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਮਿਲਣ ਦੇ ਲਈ ਪਹੁੰਚੀ ਹੈ। ਇਹ ਦਾਅਵਾ ਕੁਝ ਮੀਡੀਆ ਅਦਾਰੇ ਕਰ ਰਹੇ ਹਨ । ਉਨ੍ਹਾਂ ਦੇ ਨਾਲ ਦਲਜੀਤ ਕਲਸੀ ਦੀ ਪਤਨੀ ਅਤੇ ਪੁੱਤਰ ਵੀ ਪਹੁੰਚੇ ਸਨ। ਇਸ ਸਬੰਧੀ ਵੀਡੀਓ ਵੀ ਸਾਹਮਣੇ ਆਇਆ ਹੈ। ਪਰ ਅਸੀਂ ਇਸ ਵੀਡੀਓ ਦੀ ਤਸਦੀਕ ਨਹੀਂ ਕਰਦੇ ਹਾਂ । SGPC ਦੇ ਵਕੀਲ ਭਗਵੰਤ ਸਿੰਘ ਸਿਆਲਕਾ ਨਾਲ ਜਦੋਂ ‘ਦ ਖਾਲਸ ਟੀਵੀ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਤਨੀ ਵੱਲੋਂ ਮਿਲਣ ਦਾ ਸਮਾਂ ਮੰਗਿਆ ਗਿਆ ਸੀ। ਹਰ ਵੀਰਵਾਰ ਜੇਲ੍ਹ ਵਿੱਚ ਮੁਲਾਕਾਤ ਦਾ ਸਮਾਂ ਤੈਅ ਹੁੰਦਾ ਹੈ ।
18 ਮਾਰਚ ਤੋਂ ਬਾਅਦ ਪਹਿਲੀ ਮੁਲਾਕਾਤ
18 ਮਾਰਚ ਤੋਂ ਬਾਅਦ ਕਿਰਨਦੀਪ ਕੌਰ ਪਹਿਲੀ ਵਾਰ ਪਤੀ ਅੰਮ੍ਰਿਤਪਾਲ ਸਿੰਘ ਨੂੰ ਮਿਲੇ ਹਨ ਇਹ ਵੀ ਦਾਅਵਾ ਮੀਡੀਆ ਅਦਾਰਿਆਂ ਵੱਲੋਂ ਕੀਤਾ ਜਾ ਰਿਹਾ ਹੈ । ਇਹ ਵੀ ਦੱਸਿਆ ਗਿਆ ਹੈ ਕਿ ਤਕਰੀਬਨ 1 ਘੰਟੇ ਤੱਕ ਇਹ ਮੁਲਾਕਾਤ ਹੋਈ । ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਚਾਚੇ ਨੇ 27 ਅਪ੍ਰੈਲ ਨੂੰ ਅੰਮ੍ਰਿਤਪਾਲ ਪਾਲ ਸਿੰਘ ਅਤੇ ਭਰਾ ਹਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਸੀ। ਉਸੇ ਦਿਨ ਅੰਮ੍ਰਿਤਪਾਲ ਸਿੰਘ ਨੇ ਵਕੀਲਾਂ ਦੇ ਹੱਥ ਇੱਕ ਚਿੱਠੀ ਵੀ ਭੇਜੀ ਸੀ ਕਿ ਉਹ ਚੜ੍ਹਦੀ ਕਲਾਂ ਵਿੱਚ ਹਨ ਅਤੇ ਅਪੀਲ ਕੀਤੀ ਸੀ ਕਿ ਜੇਲ੍ਹ ਵਿੱਚ ਬੰਦ ਸਾਰੇ ਸਿੰਘਾਂ ਦੇ ਲਈ ਵੱਖ-ਵੱਖ ਵਕੀਲ ਨਾ ਕੀਤੇ ਜਾਣ ਬਲਕਿ ਇੱਕ ਪੈਨਲ ਬਣਾਇਆ ਜਾਵੇਂ।
23 ਅਪ੍ਰੈਲ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਫੜਿਆ ਸੀ ਉਸ ਤੋਂ ਕੁਝ ਦਿਨ ਪਹਿਲਾਂ ਕਿਰਨਦੀਪ ਕੌਰ ਬ੍ਰਿਟੇਨ ਜਾ ਰਹੀ ਸੀ ਪਰ ਏਅਰਪੋਰਟ ‘ਤੇ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਸੀ। ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਦਾ ਪਰਿਵਾਰ ਵੀ ਮਿਲਣ ਲਈ ਪਹੁੰਚਿਇਆ ਸੀ।
ਦਲਜੀਤ ਕਲਸੀ ਦਾ ਪਰਿਵਾਰ ਵੀ ਮਿਲਣ ਲਈ ਪਹੁੰਚਿਆ
ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਦਲਜੀਤ ਕਲਸੀ ਦਾ ਪਰਿਵਾਰ ਵੀ ਉਨ੍ਹਾਂ ਨੂੰ ਮਿਲਣ ਦੇ ਲਈ ਪਹੁੰਚਿਆ ਸੀ। ਕਲਸੀ ਦੀ ਪਤਨੀ ਅਤੇ ਉਨ੍ਹਾਂ ਪੁੱਤਰ ਡਿਬਰੂਗੜ੍ਹ ਜੇਲ੍ਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਦੇ ਨਾਲ ਆਇਆ ਸੀ। ਦਲਜੀਤ ਕਲਸੀ ਦੇ ਪਰਿਵਾਰ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਤੀਜੀ ਮੀਟਿੰਗ ਹੈ। ਇਸ ਤੋਂ ਪਹਿਲਾਂ 27 ਅਪ੍ਰੈਲ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ NSA ਅਧੀਨ ਬੰਦ 10 ਸਿੱਖ ਕੈਦੀਆਂ ਦੇ ਪਰਿਵਾਰਾਂ ਨੇ ਮੁਲਾਕਾਤ ਕੀਤੀ ਸੀ। ਪਪਲਪ੍ਰੀਤ ਦੀ ਮਾਂ ਨੇ ਬਾਹਰ ਆ ਕੇ ਦੱਸਿਆ ਸੀ ਕਿ ਪੁੱਤਰ ਚੜ੍ਹਦੀ ਕਲਾਂ ਵਿੱਚ ਹੈ ਅਤੇ ਉਸ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਹੈ।
ਡੀਸੀ ਵੱਲੋਂ ਮਿਲ ਦੀ ਹੈ ਇਜਾਜ਼ਤ
ਕੌਮੀ ਸੁਰੱਖਿਆ ਐਕਟ(NSA) ਅਧੀਨ ਬੰਦ ਸਿੱਖ ਕੈਦੀਆਂ ਨੂੰ ਮਿਲਣ ਦੀ ਇਜਾਜ਼ਤ ਅੰਮ੍ਰਿਤਸਰ ਦੇ ਡੀਸੀ ਕੋਲੋ ਲੈਣੀ ਪੈਂਦੀ ਹੈ। ਸਭ ਤੋਂ ਪਹਿਲਾਂ SGPC ਦੇ ਵਕੀਲਾਂ ਵੱਲੋਂ 20 ਅਪ੍ਰੈਲ ਨੂੰ ਮਿਲਣ ਦੀ ਇਜਾਜ਼ਤ ਲਈ ਗਈ ਸੀ, ਪਰ ਉਸ ਵੇਲੇ ਫ਼ਸਲ ਦੀ ਵਾਢੀ ਦੀ ਵਜ੍ਹਾ ਕਰਕੇ ਕਈ ਪਰਿਵਾਰਾਂ ਨੇ ਜਾਣ ਤੋਂ ਮਨਾ ਕਰ ਦਿੱਤਾ ਸੀ, ਸਿਰਫ ਦਲਜੀਤ ਕਲਸੀ ਦਾ ਪਰਿਵਾਰ ਹੀ ਮਿਲਿਆ ਸੀ। ਇਸ ਤੋਂ ਇਲਾਵਾ ਪਰਿਵਾਰ ਸੜਕੀ ਰਸਤੇ ਦੀ ਥਾਂ ਹਵਾਈ ਜਹਾਜ ਦੇ ਜ਼ਰੀਏ ਜਾਣਾ ਚਾਹੁੰਦੇ ਸਨ। ਇਸੇ ਲਈ 27 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਵਾਈ ਜਹਾਜ ਦੇ ਜ਼ਰੀਏ ਪਰਿਵਾਰਾਂ ਨੂੰ ਡਿਬਰੂਗੜ੍ਹ ਪਹੁੰਚਾਇਆ ਗਿਆ ਸੀ ।