ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਇਸ ਵਾਰ ਉਨ੍ਹਾਂ ਨੇ ਫਿਰ ਤੋਂ ਕਿਸਾਨਾਂ ਬਾਰੇ ਵਿਵਾਵਤ ਬਿਆਨ ਦਿੱਤਾ ਹੈ। ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੋ ਰਹੇ ਵਿਰੋਧ ‘ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਸਿਰਫਿਰੇ ਲੋਕ ਹਨ, ਜੋ ਅਪਣੀ ਦਬੰਗਈ ਚਲਾ ਰਹੇ ਹਨ।
ਮਨੋਹਰ ਲਾਲ਼ ਨੇ ਕਿਹਾ, “ਕੁੱਝ ਸਿਰਫਿਰੇ ਲੋਕ ਹਨ, ਜੋ ਅਪਣੀ ਦਬੰਗਈ ਚਲਾ ਰਹੇ ਹਨ। ਪਹਿਲਾਂ ਉਨ੍ਹਾਂ ਦੀ ਚੱਲਦੀ ਸੀ, ਹੁਣ ਨਹੀਂ ਚੱਲ ਪਾ ਰਹੀ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਵਿਰੋਧ ਕਰਨ ਵਾਲੇ 10 ਲੋਕ ਹੁੰਦੇ ਹਨ ਪਰ ਇਸ ਵਿਰੋਧ ਦੇ ਨਤੀਜੇ ਵਜੋਂ ਸੈਂਕੜੇ ਲੋਕ ਜੁੜ ਰਹੇ ਹਨ। ਸਾਨੂੰ ਇਸ ਵਿਰੋਧ ਦਾ ਫਾਇਦਾ ਹੋ ਰਿਹਾ ਹੈ”। ਮਨੋਹਰ ਲਾਲ ਨੇ ਕਿਹਾ ਕਿ ਇਹ ਲੋਕ ਜਿੰਨਾ ਜ਼ਿਆਦਾ ਵਿਰੋਧ ਕਰਦੇ ਹਨ, ਓਨੇ ਹੀ ਜ਼ਿਆਦਾ ਲੋਕ ਜੁੜਦੇ ਹਨ। ਇਸ ਨਾਲ ਉਸ ਆਗੂ ਨੂੰ ਫਾਇਦਾ ਹੁੰਦਾ ਹੈ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਲਈ ਵਰਤੀ ਸ਼ਬਦਾਵਲੀ ਲਈ ਮਨੋਹਰ ਲਾਲ ਖੱਟਰ ਸਾਹਿਬ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਅਜਿਹੇ ਬਿਆਨਾਂ ਤੋਂ ਇਨ੍ਹਾਂ ਦਾ ਕਿਰਦਾਰ ਸਾਫ ਨਜ਼ਰ ਆ ਰਿਹਾ ਹੈ। ਜੇ ਅਸੀਂ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦਾ ਵਿਰੋਧ ਕਰੀਏ ਤਾਂ ਸਾਨੂੰ ਸਤਿਕਾਰਯੋਗ ਦੱਸਦੇ ਨੇ ਪਰ ਜਦੋਂ ਭਾਜਪਾ ਤੋਂ ਕੋਈ ਮੰਗ ਮੰਗਦੇ ਹਾਂ ਤਾਂ ਅਸੀਂ ਗੁੰਡੇ, ਅਤਿਵਾਦੀ ਅਤੇ ਖਾਲਿਸਤਾਨੀ ਬਣ ਜਾਂਦੇ ਹਾਂ।