ਖੰਨਾ : ਖੰਨਾ ਵਿੱਚ ਇੱਕ ਮਹਿਲਾ ਮੁਲਾਜ਼ਮ ਦੀ ਹੈਰਾਨਕੁਨ ਕਰਤੂਤ ਨੇ ਵਰਦੀ ਨੂੰ ਦਾਗ਼ ਲਾ ਦਿੱਤਾ ਹੈ। ਉਸ ਨੇ ਬਦਲਾ ਲੈਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਗਰੀਬ ਦੁਕਾਨਦਾਰ ਨੂੰ ਬੁਰੀ ਤਰ੍ਹਾਂ ਫਸਾਇਆ। ਜਦੋਂ ਗਰੀਬ ਦੁਕਾਨਦਾਨ ਨੇ ਪੁਲਿਸ ਦੇ ਸਾਹਮਣੇ ਸਾਰੇ ਸਬੂਤ ਰੱਖੇ ਤਾਂ 3 ਮਹੀਨੇ ਬਾਅਦ ਜਾਂਚ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਦਾ ਸੱਚ ਸਾਹਮਣੇ ਆਇਆ। ਇਸ ਮਹਿਲਾ ਪੁਲਿਸ ਮੁਲਾਜ਼ਮ ਦੇ ਖਿਲਾਫ਼ SSP ਖੰਨਾ ਅਮਨੀਤ ਕੋਂਡਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ।
ਗਰੀਬ ਦੁਕਾਨਦਾਰ ਨੂੰ ਇਸ ਤਰ੍ਹਾਂ ਫਸਾਇਆ
ਖੰਨਾ ਪੁਲਿਸ ਵਿੱਚ ਰਵਿੰਦਰ ਕੌਰ ਰਵੀ ਨਾਂ ਦੀ ਮਹਿਲਾ ਸਿਪਾਹੀ ਨੇ ਆਪਣੇ ਸਾਥੀ ਗੁਰਦੀਪ ਸਿੰਘ ਨਾਲ ਮਿਲ ਕੇ ਇੱਕ ਸਾਜਿਸ਼ ਰਚੀ। ਇੱਕ ਗਰੀਬ ਵਿਅਕਤੀ ਜਸਵੀਰ ਸਿੰਘ ਦੀ ਸਾਈਕਲ ਪੈਂਚਰਾਂ ਦੀ ਦੁਕਾਨ ਸੀ। ਕਿਸੇ ਗੱਲ ਨੂੰ ਲੈਕੇ ਰਵਿੰਦਰ ਕੌਰ ਦੁਕਾਨਦਾਰ ਕੋਲੋ ਚਿੜ ਦੀ ਸੀ। ਇਸ ਲਈ ਉਸ ਨੂੰ ਫਸਾਉਣ ਦੇ ਲਈ 18 ਜਨਵਰੀ 2023 ਨੂੰ ਉਸ ਦੀ ਦੁਕਾਨ ‘ਤੇ ਕਿਸੇ ਕੋਲੋ ਚੀਨੀ ਡੋਰ ਦਾ ਗੱਟਾ ਰੱਖਵਾ ਦਿੱਤਾ। ਇਸ ਤੋਂ ਬਾਅਦ ਪਿੰਡ ਅਲੌੜ ਦੇ ਦੁਕਾਨਦਾਰ ਜਸਵੀਰ ਸਿੰਘ ਖਿਲਾਫ ਝੂਠਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਜਸਵੀਰ ਸਿੰਘ ਵਾਰ-ਵਾਰ ਕਹਿੰਦਾ ਰਿਹਾ ਕਿ ਉਸ ਨੂੰ ਫਸਾਇਆ ਗਿਆ ਹੈ। ਉਹ ਚੀਨੀ ਡੋਰ ਦਾ ਕੰਮ ਨਹੀਂ ਕਰਦਾ ਹੈ, ਪਰ ਉਸ ਵੇਲੇ ਕਿਸੇ ਨੇ ਨਹੀਂ ਸੁਣੀ ਪਰ ਜਦੋਂ ਸੀਨੀਅਰ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਜਾਂਚ ਕਰਵਾਈ ।
ਮਹਿਲਾ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਹੀ
ਐੱਸਐੱਸਪੀ(SSP) ਖੰਨਾ ਅਮਨੀਤ ਕੋਂਡਲ ਨੇ ਦੱਸਿਆ ਜਦੋਂ ਇਸ ਪੂਰੇ ਮਾਮਲੇ ਵਿੱਚ ਜਾਂਚ ਹੋਈ ਤਾਂ ਪਤਾ ਚੱਲਿਆ ਕਿ ਮੰਨੂ ਵਾਸੀ ਮੰਡੀ ਗੋਬਿੰਦਗੜ੍ਹ ਉਸ ਦਿਨ ਸਕੂਟੀ ‘ਤੇ ਸ਼ੱਕੀ ਹਾਲਾਤਾਂ ਵਿੱਚ ਘੁੰਮਦਾ ਹੋਇਆ ਨਜ਼ਰ ਆਇਆ ਸੀ। ਜਦੋਂ ਪੁਲਿਸ ਨੇ ਮੰਨੂੰ ਨਾਂ ਦੇ ਸ਼ਖਸ ਨੂੰ ਫੜਿਆ ਤਾਂ ਉਸ ਨੇ ਇੱਕ ਤੋਂ ਬਾਅਦ ਇੱਕ ਖੁਲਾਸਾ ਕਰ ਦਿੱਤਾ। ਉਸ ਨੇ ਕਿਹਾ ਕਿ ਮੈਂ ਮਹਿਲਾ ਸਿਪਾਹੀ ਰਵਿੰਦਰ ਕੌਰ ਅਤੇ ਗੁਰਦੀਪ ਸਿੰਘ ਦੇ ਕਹਿਣ ‘ਤੇ ਪਲਾਸਟਿਕ ਡੋਰ ਦਾ ਥੈਲਾ ਜਸਵੀਰ ਸਿੰਘ ਦੀ ਦੁਕਾਨ ਦੇ ਅੰਦਰ ਰੱਖਿਆ ਸੀ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਹੁਣ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ ਅਤੇ ਉਸ ਦੇ ਸਾਥੀ ਗੁਰਦੀਪ ਸਿੰਘ ਅਤੇ ਮੰਨੂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਐੱਸ਼ਐੱਸਪੀ(SSP) ਅਮਨੀਤ ਕੋਂਡਲ ਨੇ ਰਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ।