Melbourne : ਮੈਲਬੌਰਨ ਵਿੱਚ ਭਾਰਤੀ ਭਾਈਚਾਰੇ ਲਈ ਇੱਕ ਸਮਾਗਮ ਵਿੱਚ ਲੱਗੇ ਖਾਲਿਸਤਾਨੀ ਝੰਡੇ ਭਾਰਤ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੈ। ਭਾਰਤੀ ਸਰਕਾਰੀ ਅਧਿਕਾਰੀਆਂ ਨੇ ਆਸਟਰੇਲੀਆ ਵਿੱਚ ਸਿੱਖ ਵੱਖਵਾਦ ਦੇ ਵਧਣ ਬਾਰੇ ਆਸਟਰੇਲੀਆਈ ਸਰਕਾਰ ਵਿੱਚ ਉੱਚ ਪੱਧਰ ‘ਤੇ ਚਿੰਤਾ ਜ਼ਾਹਰ ਕੀਤੀ ਹੈ।
ਦੱਸ ਦੇਈਏ ਕਿ ਭਾਰਤ ਨੇ ਅਜਿਹੇ ਮੌਕੇ ਇਹ ਪੇਸ਼ਕਦਮੀ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਦਿਨਾਂ ਵਿੱਚ ਕੁਆਡ (ਚਾਰ ਮੁਲਕੀ ਸਮੂਹ) ਆਗੂਆਂ ਦੀ ਮੀਟਿੰਗ ਲਈ ਆਸਟਰੇਲੀਆ ਜਾ ਰਹੇ ਹਨ।
ਕਾਬਿਲੇਗੌਰ ਹੈ ਕਿ ਮੈਲਬਰਨ ਵਿੱਚ 19 ਨਵੰਬਰ ਨੂੰ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਸਮਾਗਮ ਵਾਸਤੇ ਫੰਡ ਆਸਟਰੇਲੀਅਨ ਸਰਕਾਰ ਨੇ ਦਿੱਤੇ ਸਨ। ਸਮਾਗਮ ਦੌਰਾਨ ਵੱਡੀ ਗਿਣਤੀ ਖਾਲਿਸਤਾਨੀ ਹਮਾਇਤੀਆਂ ਨੇ ਵੱਖਵਾਦੀ ਝੰਡੇ ਲਹਿਰਾਏ।
‘ਦਿ ਆਸਟਰੇਲੀਅਨ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਵਿਦੇਸ਼ ਮੰਤਰੀ ਪੈਨੀ ਵੌਂਗ ਤੇ ਗ੍ਰਹਿ ਮੰਤਰੀ ਕਲੇਅਰ ਓ’ਨੀਲ ਤੱਕ ਪਹੁੰਚ ਕਰਕੇ ਖਾਲਿਸਤਾਨੀ ਲਹਿਰ ਨੂੰ ਆਸਟਰੇਲੀਆ ਖਾਸ ਕਰਕੇ ਮੈਲਬਰਨ ਵਿੱਚ ਵਧਦੀ ਹਮਾਇਤ ’ਤੇ ਚਿੰਤਾ ਜਤਾਈ ਹੈ।
‘ਰਾਇਸ਼ੁਮਾਰੀ’ ਖਿਲਾਫ਼ ਵੀ ਭਾਰਤ ਨੇ ਉਜ਼ਰ ਜਤਾਇਆ
ਸਿੱਖ ਵੱਖਵਾਦੀਆਂ ਵੱਲੋਂ ਭਾਰਤ ਵਿੱਚ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਕੈਨੇਡਾ ਵਿੱਚ ਕਰਵਾਈ ਜਾ ਰਹੀ ‘ਰਾਇਸ਼ੁਮਾਰੀ’ ਖਿਲਾਫ਼ ਵੀ ਭਾਰਤ ਨੇ ਆਪਣਾ ਉਜ਼ਰ ਜਤਾਇਆ ਸੀ। ਭਾਰਤੀ ਅਧਿਕਾਰੀਆਂ ਨੇ ਆਸਟਰੇਲੀਆ ਦੇ ਦੋਵਾਂ ਮੰਤਰੀਆਂ ਨੂੰ ਦੱਸਿਆ ਕਿ ਖਾਲਿਸਤਾਨੀ ਲਹਿਰ ਦਾ ਇਤਿਹਾਸ ਅਤਿਵਾਦ ਨਾਲ ਜੁੜਿਆ ਹੈ ਤੇ ਬੀਤੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹਿੰਸਾ ਵੀ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦ ਪੀੜਤ ਕਈ ਸਿੱਖ ਆਸਟਰੇਲੀਆ, ਕੈਨੇਡਾ, ਅਮਰੀਕਾ ਤੇ ਯੂਕੇ ਵਿੱਚ ਪਰਵਾਸ ਕਰ ਗਏ ਹਨ, ਜਿੱਥੇ ਉਹ ਭਾਈਚਾਰੇ ਦੇ ਨੌਜਵਾਨਾਂ ਨੂੰ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਆਪਣੇ ਨਾਲ ਜੋੜ ਰਹੇ ਹਨ।
ਮੈਲਬਰਨ ਵਿੱਚ ਕੀਤਾ ਸਮਾਗਮ ਵਿਕਟੋਰੀਅਨ ਗੁਰਦੁਆਰਾ ਕੌਂਸਲ ਦੇ ਬੈਨਰ ਹੇਠ ਕਰਵਾਇਆ ਗਿਆ ਸੀ, ਜਿਸ ਲਈ ਫੰਡਿੰਗ ਸੂਬਾ ਸਰਕਾਰ ਨੇ ਦਿੱਤੀ ਸੀ। ਪੰਜਾਬ ਵਿੱਚ ਹੋਣ ਵਾਲੇ ਦਹਿਸ਼ਤੀ ਹਮਲਿਆਂ ਪਿੱਛੇ ਆਈਐੱਸਆਈ ਦਾ ਹੱਥ ਹੋਣ ਬਾਰੇ ਭਾਰਤੀ ਸੁਰੱਖਿਆ ਅਧਿਕਾਰੀਆਂ ਕੋਲ ਕਾਫ਼ੀ ਸਬੂਤ ਹਨ। ਬੱਬਰ ਖ਼ਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ ਸਿੱਖਸ ਫਾਰ ਜਸਟਿਸ ਜਿਹੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਵੱਲੋਂ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।