Punjab

ਇਕ ਘਰ ’ਚ ਦੋ ਮੀਟਰ ਲਾਉਣ ’ਤੇ ਰੋਕ , ਪਾਵਰਕੌਮ ਨੇ ਸ਼ੁਰੂ ਕੀਤੀ ਪੜਤਾਲ

Prohibition on installation of two meters in one house Powercom started investigation

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਨਵੀਂ ਮੁਫਤ ਬਿਜਲੀ ਸਕੀਮ ਅਤੇ 600 ਯੂਨਿਟ ਬਿਜਲੀ ਦਾ ਲਾਭ ਲੈਣ ਲਈ ਸੂਬੇ ‘ਜ਼ੀਰੋ ਬਿੱਲ’ ਪਾਉਣ ਲਈ ਪਾਵਰਕੌਮ ( Dept. of Powercom )ਕੋਲ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦਾ ਹੜ੍ਹ ਆ ਗਿਆ ਹੈ। ਜਿਨ੍ਹਾਂ ਦੀ ਘਰੇਲੂ ਬਿਜਲੀ ਦੀ ਖਪਤ ਜ਼ਿਆਦਾ ਹੈ ਅਤੇ 600 ਯੂਨਿਟ (ਦੋ ਮਹੀਨੇ) ਦੇ ਦਾਇਰੇ ’ਚ ਨਹੀਂ ਆਉਂਦੇ ਹਨ, ਉਨ੍ਹਾਂ ਨੇ ਆਪੋ ਆਪਣੇ ਘਰਾਂ ’ਚ ਨਵੇਂ ਬਿਜਲੀ ਕੁਨੈਕਸ਼ਨ ਲੈਣ ਦੀ ਜੁਗਤ ਲਗਾ ਲਈ ਹੈ। ਪਾਵਰਕੌਮ ਦੇ ਅਜਿਹੇ ਕੋਈ ਨਿਯਮ ਨਹੀਂ ਹਨ ਜੋ ਇੱਕੋ ਘਰ ’ਚ ਦੋ ਕੁਨੈਕਸ਼ਨ ਲੈਣ ’ਤੇ ਪਾਬੰਦੀ ਲਗਾਉਂਦੇ ਹੋਣ।

ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ 600 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਫ਼ੈਸਲੇ ਤੋਂ ਚਾਰ ਮਹੀਨੇ ਬਾਅਦ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਫਿਊਜ਼ ਉਡਾ ਦਿੱਤੇ ਹਨ।

ਪਾਵਰਕੌਮ ਨੇ ਹੁਣ ਨਵੀਂ ਰਣਨੀਤੀ ਤਿਆਰ ਕਰਦਿਆਂ ‘ਇੱਕ ਇਮਾਰਤ ਵਿੱਚ ਦੋ ਮੀਟਰ’ ਲਾਉਣ ਦੀ ਪ੍ਰਕਿਰਿਆ ’ਤੇ ਰੋਕ ਲਾ ਦਿੱਤੀ ਹੈ ਅਤੇ ਹੁਣ ਤੱਕ ਇੱਕ ਇਮਾਰਤ ਵਿੱਚ ਲੱਗੇ ਦੋ ਮੀਟਰਾਂ ਦੀ ਜਾਂਚ ਦਾ ਕੰਮ ਉੱਡਣ ਦਸਤੇ ਨੂੰ ਸੌਂਪ ਦਿੱਤਾ ਹੈ, ਜਿਸ ਦੀ ਰਿਪੋਰਟ ਆਉਣ ਮਗਰੋਂ ਹੀ ਇਹ ਮੀਟਰ ਲਾਉਣ ਸਬੰਧੀ ਫ਼ੈਸਲਾ ਲਿਆ ਜਾਵੇਗਾ।

ਵੇਰਵਿਆਂ ਅਨੁਸਾਰ ਸਮੁੱਚੇ ਪੰਜਾਬ ਵਿਚ ਐਤਕੀਂ ਪਹਿਲੀ ਜਨਵਰੀ ਤੋਂ ਸਤੰਬਰ ਮਹੀਨੇ ਤੱਕ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਅੰਕੜਾ 2.95 ਲੱਖ ’ਤੇ ਪੁੱਜ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ 2.20 ਲੱਖ ਸੀ। ਇਸ ਤੋਂ ਸਾਫ ਹੈ ਕਿ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ ਵਿਚ 75 ਹਜ਼ਾਰ ਦਾ ਵਾਧਾ ਹੋ ਗਿਆ ਹੈ। ਇਹ ਵਾਧਾ ਕਰੀਬ 34 ਫੀਸਦੀ ਬਣਦੀ ਹੈ। ਪਾਵਰਕੌਮ ਦੇ ਫੀਲਡ ਦਫਤਰਾਂ ਵਿਚ ਨਵੇਂ ਕੁਨੈਕਸ਼ਨਾਂ ਲੈਣ ਵਾਲਿਆਂ ਦੀਆਂ ਭੀੜਾਂ ਹਨ।

ਮਹਿਕਮੇ ਨੂੰ ਖ਼ਦਸ਼ਾ ਹੈ ਕਿ ਲੋਕ ਇਕ ਇਮਾਰਤ ਵਿੱਚ ਦੋ ਮੀਟਰ ਲਗਵਾ ਕੇ ਸਕੀਮ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ। ਉਡਣ ਦਸਤਾ ਇਹ ਜਾਂਚ ਕਰੇਗਾ ਕਿ ਹੁਣ ਤੱਕ ਮੀਟਰ ਨਿਯਮਾਂ ਅਨੁਸਾਰ ਲੱਗੇ ਹਨ ਜਾਂ ਨਹੀਂ। ਇਥੇ ਪਾਵਰਕੌਮ ਦੇ ਉੱਤਰੀ ਉਪ ਮੰਡਲ ਦਫ਼ਤਰ ਦੇ ਅਮਲੇ ਵੱਲੋਂ ਮੀਟਰ ਲਗਵਾਉਣ ਦੀਆਂ ਅਰਜ਼ੀ ਲੈ ਕੇ ਆ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇਕ ਇਮਾਰਤ ਵਿਚ ਦੋ ਮੀਟਰ ਲਾਉਣ ਵਾਲੀ ਸਕੀਮ ’ਤੇ ਰੋਕ ਲਾ ਦਿੱਤੀ ਗਈ ਹੈ।

ਪਾਵਰਕੌਮ ਦੇ ਇਸ ਫ਼ੈਸਲੇ ਤੋਂ ਲੋਕ ਨਿਰਾਸ਼ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਵੱਡੀ ਗਿਣਤੀ ਰਿਹਾਇਸ਼ੀ ਇਮਾਰਤਾਂ ਅਜਿਹੀਆਂ ਹਨ, ਜਿਥੇ ਇੱਕ ਤੋਂ ਵੱਧ ਪਰਿਵਾਰ ਰਹਿ ਰਹੇ ਹਨ। ਪਾਵਰਕੌਮ ਦੇ ਫ਼ਰੀਦਕੋਟ ਹਲਕੇ ਦੇ ਨਿਗਰਾਨ ਇੰਜਨੀਅਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ਨਵੇਂ ਮੀਟਰ ਲਗਵਾਉਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਘਰ ਵਿੱਚ ਦੂਜਾ ਮੀਟਰ ਲਗਾਉਣ ਲਈ ਆਈਆਂ ਅਰਜ਼ੀਆਂ ਸਬੰਧੀ ਨਿਯਮਾਂ ਤਹਿਤ ਵਿਭਾਗ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।

ਕਿਉਂਕਿ ਵਿਭਾਗ ਵੱਲੋਂ ‘ਇੱਕ ਘਰ ਵਿੱਚ ਦੋ ਮੀਟਰ ਲਾਉਣ’ ਵਾਲਿਆਂ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਇੱਕ ਪਾਵਰਕੌਮ ਅਧਿਕਾਰੀ ਨੇ ਕਿਹਾ ਕਿ ਬਿਜਲੀ ਬੋਰਡ ਹੁਣ ਫਿਰ ਸਿਆਸੀ ਲਾਹੇ ਦੀ ਮਾਰ ਹੇਠ ਹੈ। ਪਹਿਲਾਂ ਅਕਾਲੀ ਸਰਕਾਰ ਨੇ ਕਿਸਾਨਾਂ ਦੀ ਬਿਜਲੀ ਮੁਫ਼ਤ ਕੀਤੀ ਤੇ ਹੁਣ ’ਆਪ’ ਸਰਕਾਰ ਵੱਲੋਂ 600 ਯੂਨਿਟ ਮੁਆਫ਼ ਕਰਨ ਨਾਲ ਪਾਵਰਕੌਮ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਗਈ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਜਿੰਨੇ ਘਰਾਂ ਵਿੱਚ ਦੋ ਮੀਟਰ ਲਗਾਏ ਜਾ ਚੁੱਕੇ ਹਨ, ਉਨ੍ਹਾਂ ਸਬੰਧੀ ਉੱਡਣ ਦਸਤੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।