Punjab

ਕੁੰਵਰ ਵਿਜੇ ਪ੍ਰਤਾਪ ਨੇ ਰਾਜਨੀਤੀ ‘ਚ ਆਉਣ ਲਈ ਜਾਂਚ ਨੂੰ ਲਟਕਾਇਆ ਪਰ ਪੂਰਾ ਨਹੀਂ ਕੀਤਾ – ਖਹਿਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਕਿਹਾ ਕਿ ‘ਕਿਸੇ ਪਾਰਟੀ ਨੂੰ ਜੁਆਇਨ ਕਰਨਾ ਸਭ ਦਾ ਆਪੋ-ਆਪਣਾ ਲੋਕਤੰਤਰਿਕ ਅਧਿਕਾਰ ਹੈ। ਪਰ ਜਿਹੜਾ ਉਨ੍ਹਾਂ ਨੇ ਮਿੱਥ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਇਸਦਾ ਮਤਲਬ ਹੈ ਕਿ ਕਾਫੀ ਲੰਮੇ ਅਰਸੇ ਤੋਂ ਉਨ੍ਹਾਂ ਦੀ ਰਾਜਨੀਤੀ ਵਿੱਚ ਆਉਣ ਦੀ ਇੱਛਾ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਢਾਈ ਸਾਲ ਜਾਂਚ ਕੀਤੀ ਗਈ, 9 ਚਲਾਨ ਪੇਸ਼ ਕੀਤੇ ਗਏ, ਇਹ ਜਾਂਚ 6 ਮਹੀਨਿਆਂ ਵਿੱਚ ਵੀ ਹੋ ਸਕਦੀ ਸੀ ਅਤੇ ਚਲਾਨ 1 ਵੀ ਪੇਸ਼ ਕੀਤਾ ਜਾ ਸਕਦਾ ਸੀ। ਉਨ੍ਹਾਂ ਨੇ ਆਪਣੀ ਆਖਰੀ ਇੰਟਰਵਿਊ ਵਿੱਚ ਕਿਹਾ ਸੀ ਕਿ 10ਵਾਂ ਚਲਾਨ ਸਾਡਾ ਪੂਰਾ ਤਿਆਰ ਹੈ। ਜੇ ਉਹ ਚਲਾਨ ਤਿਆਰ ਹੈ ਤਾਂ ਫਿਰ ਉਹ ਪੇਸ਼ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪਣੇ ਇਰਾਦੇ ਸਨ ਕਿ ਉਨ੍ਹਾਂ ਨੇ ਰਾਜਨੀਤੀ ਵਿੱਚ ਜਾਣਾ ਹੈ’।

ਉਨ੍ਹਾਂ ਕਿਹਾ ਕਿ ‘ਕੁੰਵਰ ਵਿਜੇ ਪ੍ਰਤਾਪ ਇੱਕ ਵਾਰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਕੋਲੋਂ ਜੇਲ੍ਹ ਵਿੱਚ ਮਾਮਲੇ ਲਈ ਪੁੱਛਗਿੱਛ ਕਰਨ ਲਈ ਗਿਆ ਪਰ ਉਦੋਂ ਜੇਲ੍ਹ ਅਥਾਰਿਟੀ ਨੇ ਉਨ੍ਹਾਂ ਨੂੰ ਕਰੋਨਾ ਨਿਯਮਾਂ ਕਰਕੇ ਮਨ੍ਹਾ ਕਰ ਦਿੱਤਾ ਸੀ ਪਰ ਬਾਅਦ ਵਿੱਚ ਜੇਲ੍ਹ ਅਥਾਰਿਟੀ ਨੇ ਇਨ੍ਹਾਂ ਨੂੰ ਲਿਖਤੀ ਰੂਪ ਵਿੱਚ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਲਈ ਇਜਾਜ਼ਤ ਦੇ ਦਿੱਤੀ ਸੀ ਪਰ ਇਹ ਦੁਬਾਰਾ ਪੁੱਛਗਿੱਛ ਲਈ ਨਹੀਂ ਗਏ’।

ਖਹਿਰਾ ਨੇ ਕਿਹਾ ਕਿ ‘ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ‘ਆਪ’ ਪਾਰਟੀ ਵਿੱਚ ਸ਼ਾਮਿਲ ਹੋ ਕੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀ ਸਿਆਸਤ ਵਿੱਚ ਆਉਣ ਦੀ ਲੰਮੇ ਸਮੇਂ ਤੋਂ ਇੱਛਾ ਸੀ। ਉਸ ਨੇ ਜਾਣ ਬੁੱਝ ਕੇ ਸਾਜਿਸ਼ੀ ਢੰਗ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਢਾਈ ਸਾਲ ਲੇਟ ਕੀਤਾ, ਜਿਸ ਪਿੱਛੇ ਉਸ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਉੱਪਰ ਲਾਹਾ ਪਹੁੰਚਾਉਣਾ ਸੀ ਕਿਉਂਕਿ ਅਕਾਲੀਆਂ ਉੱਪਰ ਪਹਿਲਾਂ ਹੀ ਬੇਅਦਬੀ ਦਾ ਧੱਬਾ ਲੱਗਾ ਹੋਇਆ ਹੈ ਅਤੇ ਜਾਂਚ ਵਿੱਚ ਦੇਰੀ ਦਾ ਨੁਕਸਾਨ ਕਾਂਗਰਸ ਨੂੰ ਹੁੰਦਾ ਹੈ’।