‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਦਾ ਕਲੇਸ਼ ਮੁਕਾਉਣ ਲਈ ਹਾਈ ਕਮਾਂਡ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਤਕਰੀਬਨ ਘੰਟੇ ਚੱਲੀ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸੀਨੀਅਰ ਆਗੂ ਅੰਬਿਕਾ ਸੋਨੀ ਦੇ ਘਰ ਪਹੁੰਚੇ, ਜਿੱਥੇ ਸਲਮਾਨ ਖੁਰਸ਼ੀਦ ਵੀ ਮੌਜੁਦ ਸਨ। ਇਥੇ ਉਹਨਾਂ ਫਿਰ ਤੋਂ ਪੰਜਾਬ ਕਾਂਗਰਸ ਦੇ ਸੰਕਟ ਬਾਰੇ ਚਰਚਾ ਕੀਤੀ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਵੱਲੋਂ ਦੋ ਦਿਨਾਂ ਦੌਰਾਨ ਮੀਡੀਆ ਨੂੰ ਦਿੱਤੀ ਇੰਟਰਵਿਊ ਦਾ ਮਸਲਾ ਵੀ ਕਮੇਟੀ ਦੇ ਸਾਹਮਣੇ ਰੱਖਿਆ। ਕਾਂਗਰਸ ਦੇ ਕਲੇਸ਼ ‘ਤੇ ਕਮੇਟੀ ਮੈਂਬਰ ਮਲਿਕਾਅਰਜੁਨ ਖੜਗੇ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੋਨੀਆ-ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਸਾਰੇ ਇਕੱਠੇ ਚੋਣ ਲੜਨ ਨੂੰ ਤਿਆਰ ਹਨ।

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਬਸ ਕੁੱਝ ਮੁੱਦੇ ਹਨ, ਜਿਨ੍ਹਾਂ ਦਾ ਜਲਦ ਹੱਲ ਕੱਢਿਆ ਜਾਵੇਗਾ। ਮੈਂ ਪਾਰਟੀ ਦੀ, ਪੰਜਾਬ ਦੀ, ਸਰਕਾਰ ਦੀ ਗੱਲ ਕਰਦਾ ਹਾਂ ਅਤੇ ਜੇ ਪਾਰਟੀ ਦੀ, ਪੰਜਾਬ ਦੀ, ਸਰਕਾਰ ਦੀ ਗੱਲ ਕਰਨਾ ਗੁਨਾਹ ਹੈ ਤਾਂ ਫਿਰ ਮੈਂ ਗੁਨਾਹਗਾਰ ਹਾਂ। ਉਹ ਸਾਡੇ ਲੀਡਰ ਹਨ, ਇਸ ਲਈ ਅਸੀਂ ਉਨ੍ਹਾਂ ਨਾਲ ਗੱਲ ਕਰਨ ਲਈ ਆਏ ਹਾਂ।

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਤੋਂ ਨਰਾਜ਼ਗੀ ਜਤਾਈ। ਉਨ੍ਹਾਂ ਨੇ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਦੋਂ ਮਾਮਲਾ ਹਾਈਕਮਾਨ ਦੇ ਕੋਲ ਹੈ ਤਾਂ ਮੀਡੀਆ ਵਿੱਚ ਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਦੋਂ ਰਾਹੁਲ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਉਦੋਂ ਕਿਸੇ ਨੂੰ ਮੀਡੀਆ ਰਾਹੀਂ ਗੱਲ ਕਰਨ ਦੀ ਜ਼ਰੂਰਤ ਨਹੀਣ ਪੈਣੀ ਚਾਹੀਦੀ।

Leave a Reply

Your email address will not be published. Required fields are marked *