Punjab

ਗਰੀਬਾਂ ਦੀ ਥਾਂ ਅਮੀਰਾਂ ਤੋਂ ਜ਼ਮੀਨਾਂ ਛੁਡਵਾਉਣ ਪੰਚਾਇਤ ਮੰਤਰੀ : ਸੁਖਪਾਲ ਖਹਿਰਾ

ਦ ਖ਼ਾਲਸ ਬਿਊਰੋ : ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹੰਗਾਮਾ ਮਚਿਆ ਹੋਇਆ ਹੈ। ਇਸੇ ਦੌਰਾਨ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 40-50 ਗੰਨਮੈਨ ਲੈ ਕੇ ਦੂਸਰਿਆਂ ਨੂੰ ਤੂੰ ਤੜੱਕ ਕਰਕੇ ਬੋਲਣ ਨੂੰ ਲੈ ਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਘੇਰਿਆ ਹੈ। ਖਹਿਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਂਊਟ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਧਾਲੀਵਾਲ ਜੀ, 40-50 ਗੰਨਮੈਨਾਂ ਦਾ ਸਹਾਰਾ ਲੈ ਕੇ ਤੁਸੀਂ ਹੁਣ ਤੂੰ ਤੜੱਕ ‘ਤੇ ਉਤਰੇ ਹੋ, ਇਸ ਭਾਸ਼ਾ ਦਾ ਮੂੰਹ ਤੋੜ ਜਵਾਬ ਦੇਣਾ ਮੈਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੇ ਵਿੱਚ ਜੁਰੱਅਤ ਹੈ ਤਾਂ 1-2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਦੀ ਜਗ੍ਹਾ ਤਾਕਤਵਰ ਸਿਆਸਤਦਾਨਾਂ ਅਤੇ ਵੱਡੇ ਅਫਸਰਾਂ ਕੋਲ਼ੋਂ ਹਜ਼ਾਰਾਂ ਕਿੱਲੇ ਖਾਲੀ ਕਰਵਾਓ” ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਹਾਲੀ ਦਾ 50 ਹਜ਼ਾਰ ਏਕੜ ਰਕਬਾ ਕਬਜ਼ੇ ਹੇਠ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਰਗਿਆਂ ਨੇ ਸਰਕਾਰੀ ਜ਼ਮੀਨ ਦੱਬੀ ਹੋਈ ਹੈ, ਪਹਿਲਾਂ ਉਨ੍ਹਾਂ ਨੂੰ ਹੱਥ ਪਾਓ। ਇਕ-ਦੋ ਕਿੱਲਿਆਂ ਵਾਲੇ ਕਿਸਾਨਾਂ ਨੂੰ ਤਾਕਤ ਵਿਖਾਉਣ ਦੀ ਥਾਂ ਪਹਿਲਾਂ ਇਨ੍ਹਾਂ ਤੋਂ ਸਰਕਾਰ ਦੀਆਂ ਨਜਾਇਜ਼ ਦੱਬੀਆਂ ਹੋਈਆਂ ਜ਼ਮੀਨਾਂ ਛੁਡਵਾਓ।

ਖਹਿਰਾ ਨੇ ਮੰਤਰੀ ਨੂੰ ਸਲਾਹ ਦਿੱਤੀ ਕਿ ਆਪਣੀ ਜ਼ੁਬਾਨ ‘ਤੇ ਕੰਟਰੋਲ ਰੱਖੋ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿੱਥੇ ਮਾਈਨਿੰਗ ਚੱਲ ਰਹੀ ਹੈ ਤੇ ਪੀੜਤਾਂ ਨੂੰ ਉਹ ਇਨਸਾਫ ਦਵਾਉਣਗੇ ਜਿਸ ਲਈ ਉਨ੍ਹਾਂ ਵੱਲੋਂ ਅਗਲੇ ਐਤਵਾਰ 11 ਵਜੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਇਕੱਠੇ ਹੋਣ ਲਈ ਕਿਹਾ।