Others

ਇਸ ਮਾਮਲੇ ਨੂੰ ਲੈ ਕੇ ਖਹਿਰਾ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ

ਕਾਂਗਰਸ ਦੇ ਵਿਦਾਇਕ ਸੁਖਪਾਲ ਸਿੰਘ ਖਹਿਰਾ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਰਹਿੰਦੇ ਹਨ। ਅੱਜ ਉਨ੍ਹਾਂ ਨੇ ਪੰਜਾਬ ਵਿੱਚ GST ਦੀ ਚੋਰੀ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੀ ਕਿਰਪਾ ਕਰਕੇ ਹੇਠਾਂ ਦਿੱਤੀ ਵੀਡੀਓ ਦੇਖੋ ਅਤੇ ਤੁਸੀਂ ਸਮਝ ਜਾਓਗੇ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਹਜ਼ਾਰਾਂ ਕਰੋੜਾਂ ਰੁਪਏ ਦੀ GST ਚੋਰੀ ਹੋ ਰਹੀ ਹੈ ਜਿਸ ਨੂੰ ਅਖਬਾਰਾਂ ਦੀਆਂ ਰਿਪੋਰਟਾਂ ਦੁਆਰਾ ਵੀ ਸਾਬਤ ਕੀਤਾ ਜਾਂਦਾ ਹੈ ਪਰ ਤੁਹਾਡੇ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਵੀਡੀਓ ਵਿੱਚ ਵਿਅਕਤੀ ਆਬਕਾਰੀ ਅਧਿਕਾਰੀਆਂ ਅਤੇ ਤੁਹਾਡੇ ਐਫਐਮ ਦਾ ਨਾਮ ਲੈ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਜੀ ਇਹ ਵੀਡੀਓ ਤੁਹਾਡੀ ਸਰਕਾਰ ਦੁਆਰਾ ਸ਼ੁਰੂ ਕੀਤੀ ਜਾਅਲੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਪਰਦਾਫਾਸ਼ ਕਰਦਾ ਹੈ ਕਿਉਂਕਿ ਤੁਸੀਂ ਲੋਕਾਂ ਨੂੰ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ‘ਤੇ ਆਡੀਓ/ਵੀਡੀਓ ਕਲਿੱਪ ਭੇਜਣ ਲਈ ਕਿਹਾ ਸੀ ਪਰ ਇਹ ਵੀਡੀਓ ਜਨਤਕ ਡੋਮੇਨ ਵਿੱਚ ਹੈ।

ਆਓ ਦੇਖੀਏ ਕਿ ਤੁਹਾਡੀ ਸਰਕਾਰ ਇਸ ਜਨਤਕ ਸ਼ਿਕਾਇਤ ‘ਤੇ ਕੀ ਕਾਰਵਾਈ ਕਰਦੀ ਹੈ? ਜੇਕਰ ਅਜਿਹੀ ਭ੍ਰਿਸ਼ਟ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਮੈਂ ਸੁਝਾਅ ਦਿੰਦਾ ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਆਪਣਾ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਬੰਦ ਕਰਨਾ ਚਾਹੀਦਾ ਹੈ।

ਸਾਂਝੀ ਕੀਤੀ ਵੀਡੀਓ ਵਿੱਚ ਇੱਕ ਵਿਅਕਤੀ ਪੰਜਾਬ ਸਰਕਾਰ ‘ਤੇ GST ਦੀ ਚੋਰੀ ਦਾ ਇਲਜ਼ਾਮ ਲਗਾ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਦੱਸ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਇਹ ਚੋਰੀ ਕਰਵਾ ਰਹੇ ਹਨ। ਵਿਅਕਤੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਿਰ ‘ਤੇ ਜੋ ਜੀਐਸਟੀ ਦਾ ਬੋਝ ਚੜ੍ਹਿਆ ਹੋਇਆ ਹੈ ਉਸਦੇ ਮੁੱਖ ਦੋਸ਼ੀ ਪੰਜਾਬ ਦੇ ਲੀਡਰ ਅਤੇ ਅਫ਼ਸਰ ਹਨ।

ਉਸਨੇ ਦੱਸਿਆ ਕਿ ਪੰਜਾਬ ਦੇ ਲੀਡਰ, ਅਫ਼ਸਰ ਅਤੇ ਮਾਫ਼ੀਆ ਦੀ ਮਿਲੀ ਭੁਗਤ ਨਾਲ ਪੰਜਾਬ ਦੇ ਸਿਰ ‘ਤੇ ਕਰੋੜਾਂ ਅਤੇ ਅਰਬਾਂ ਦਾ ਕਰਜ਼ਾ ਚੜ੍ਹਿਆ ਹੈ। ਉਸਨੇ ਦੱਸਿਆ ਕਿ ਪੰਜਾਬ ਦੇ ਖੰਨੇ ਸ਼ਹਿਰ ਤੋਂ ਹਰ ਮਹੀਨੇ ਕਰੋੜਾਂ ਰੁਪਏ ਦੀ ਸਰੀਆ ਅਲੱਗ-ਅਲੱਗ ਸ਼ਹਿਰਾਂ ਅਤੇ ਕਸਬਿਆਂ ‘ਚ ਜਾਂਦਾ ਹੈ। ਇਸਦੇ ਨਾਲ ਹੀ ਉਸਨੇ ਸਿੰਦੇ ਨਾਮ ਦੇ ਵਿਅਕਤੀ ਦਾ ਨਾਂ ਲੈਂਦਿਆਂ ਕਿਹਾ ਕਿ ਸਿੰਦਾ ਉਥੋਂ ਦੇ ਈਟੀਓ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ।