‘ਦ ਖ਼ਾਲਸ ਬਿਊਰੋ : ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮਾਨ ਸਰਕਾਰ ‘ਤੇ ਟਵਿਟ ਦੇ ਰਾਹੀਂ ਤਿੱਖੇ ਨਿਸ਼ਾਨੇ ਲਗਾਏ ਨੇ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਰ੍ਹਦਿਆਂ ਹੈਰਾਨੀ ਪ੍ਰਗਟ ਕੀਤੀ ਹੈ ਕਿ ਪਿਛਲੇ ਸਾਲ ਦਿੱਲੀ ਵਿੱਚ ਹੋਇਆ ਕਿਸਾਨ ਅੰਦੋਲਨ ਕਿਵੇਂ ਜਾਇਜ਼ ਸੀ ਅਤੇ ‘ਆਪ’ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਪੂਰਾ ਸਮਰਥਨ ਕੀਤਾ ਸੀ ਅਤੇ ਹੁਣ ਇਹ ਇਹਨਾਂ ਲਈ ਗੈਰ-ਵਾਜਬ ਕਿਉਂ ਬਣ ਗਿਆ ਹੈ? ਆਪਣੇ ਟਵੀਟ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਹ ਪੁਛਿਆ ਕੀ ਸੰਯੁਕਤ ਕਿਸਾਨ ਮੋਰਚੇ ਵਲੋਂ ਉਠਾਈਆਂ ਗਈਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਅਤੇ ਦਿੱਲੀ ਅੰਦੋਲਨ ਦੌਰਾਨ ਉਠਾਈਆਂ ਗਈਆਂ ਮੰਗਾਂ ਦੇ ਸਮਾਨ ਹਨ? ਆਪਣੇ ਇਸ ਟਵੀਟ ਵਿੱਚ ਉਹਨਾਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਟਵਿਟ ਕਰਦਿਆਂ ਪੰਜਾਬ ਸਰਕਾਰ ‘ਤੇ ਨਿਸ਼ਾਨਾਂ ਸਾਧਿਆ ਹੈ। ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਹਨਾਂ ਪਾਤੜਾਂ ਇਲਾਕੇ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਇੱਕ ਵੀਡਿਓ ਪਾਈ ਹੈ ਤੇ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਕਿਰਪਾ ਕਰਕੇ ਕਿਸਾਨਾਂ ਵੱਲੋਂ ਉਹਨਾਂ ਦੀ 576 ਏਕੜ ਜ਼ਮੀਨ ਹੜੱਪਣ ਦੇ ਖਿਲਾਫ਼ ਕੀਤਾ ਜਾ ਰਿਹਾ ਇਹ ਵਿਰੋਧ ਪ੍ਰਦਰਸ਼ਨ ਦੇਖੋ,ਉਹ ਆਜ਼ਾਦੀ ਤੋਂ ਬਾਅਦ ਤੋਂ ਇਹਨਾਂ ਜ਼ਮੀਨਾਂ ਨੂੰ ਵਾਹ ਰਹੇ ਹਨ। ਕਿਰਪਾ ਕਰਕੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਮਝਦਾਰੀ ਦਿਖਾਓ ਅਤੇ ਇਹਨਾਂ ਪ੍ਰਤੀ ਦਿਆਲੂ ਰਹੋ।
ਇਸ ਤੋਂ ਇਲਾਵਾ ਖਹਿਰਾ ਨੇ ਇੱਕ ਹੋਰ ਟਵਿਟ ਕਰਦਿਆਂ ਪੰਜਾਬ ਸਰਕਾਰ ਦੀ ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ 64 ਸਾਲ ਤੋਂ ਘੱਟ ਉਮਰ ਦੇ ਪੱਟਵਾਰੀਆਂ ਨੂੰ ਭਰਤੀ ਕਰਨ ਦੇ ਫ਼ੈਸਲੇ ਤੇ ਵੀ ਵਿਰੋਧ ਕੀਤਾ ਹੈ ਤੇ ਇਸ ਫ਼ੈਸਲੇ ਨੂੰ ਮਾਨ ਸਰਕਾਰ ਦਾ ਇੱਕ ਹੋਰ ਪੱਛੜਿਆ ਹੋਇਆ ਫੈਸਲਾ ਦੱਸਿਆ ਹੈ।ਉਨ੍ਹਾਂ ਨੇ ਪੰਜਾਬ ਸਰਕਾਰ ਤੇ ਵਰ੍ਹਦਿਆਂ ਕਿਹਾ ਹੈ ਕਿ ਜੇਕਰ ‘ਆਪ’ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ 1800 ਸੇਵਾਮੁਕਤ ਪਟਵਾਰੀਆਂ ਦੀ ਭਰਤੀ ਕਰੇਗੀ ਤਾਂ ਨੌਜਵਾਨਾਂ ਦਾ ਦੂਜੇ ਮੁਲਕਾਂ ਵੱਲ ਜਾਣ ਤੋਂ ਕਿਵੇਂ ਰੋਕਾਂਗੇ।