ਕੇਰਲ ਵਿਚ ਕਥਿਤ ਤੌਰ ‘ਤੇ ਭੋਜਨ ਦੇ ਜ਼ਹਿਰ ਕਾਰਨ ਇਕ ਗਾਹਕ ਦੀ ਮੌਤ ਦੇ ਮਾਮਲੇ ਵਿਚ ਰੈਸਟੋਰੈਂਟ ਦੇ ਮਾਲਕ ਅਤੇ ਮੁੱਖ ਸ਼ੈੱਫ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੋਟਾਯਮ ਜ਼ਿਲ੍ਹੇ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਨੇ ਭੋਜਨ ਦਾ ਆਨਲਾਈਨ ਆਰਡਰ ਦਿੱਤਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਰੈਸਟੋਰੈਂਟ ਦਾ ਖਾਣਾ ਖਾਣ ਤੋਂ ਬਾਅਦ 21 ਹੋਰ ਲੋਕ ਵੀ ਬਿਮਾਰ ਹੋ ਗਏ। ਪੁਲਿਸ ਨੇ ਮਾਲਕ ਅਤੇ ਰਸੋਈਏ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਹਿਰਾਸਤ ‘ਚ ਹਨ ਅਤੇ ਅਜੇ ਤੱਕ ਦੋਸ਼ਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਕੀ ਹੈ ਮਾਮਲਾ
ਕੋਟਾਯਮ ਮੈਡੀਕਲ ਕਾਲਜ ਦੀ ਨਰਸ ਰਸ਼ਮੀ ਰਾਜ ਨੂੰ 30 ਦਸੰਬਰ ਨੂੰ ਚੌਲ ਅਤੇ ਭੁੰਨਿਆ ਚਿਕਨ ਖਾਣ ਤੋਂ ਬਾਅਦ ਬੀਮਾਰ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। 2 ਜਨਵਰੀ ਨੂੰ ਬੀਮਾਰੀ ਕਾਰਨ ਉਸ ਦੀ ਮੌਤ ਹੋ ਗਈ ਸੀ।
ਸਥਾਨਕ ਰਿਪੋਰਟਾਂ ਦੇ ਅਨੁਸਾਰ, ਸ਼ੁਰੂਆਤੀ ਪੋਸਟਮਾਰਟਮ ਤੋਂ ਸੰਕੇਤ ਮਿਲਦਾ ਹੈ ਕਿ ਨਰਸ ਦੀ ਮੌਤ ਅੰਦਰੂਨੀ ਅੰਗਾਂ ਦੀ ਲਾਗ ਕਾਰਨ ਹੋਈ ਸੀ। ਇਸ ਰੈਸਟੋਰੈਂਟ ਤੋਂ ਖਾਣਾ ਖਾਣ ਵਾਲੇ ਕਈ ਹੋਰ ਲੋਕ ਵੀ ਬਿਮਾਰ ਦੱਸੇ ਜਾ ਰਹੇ ਹਨ।
ਪੁਲਿਸ ਮੁਤਾਬਕ, ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਨਰਸ ਦੀ ਮੌਤ ਦਾ ਕਾਰਨ ਫੂਡ ਪੋਇਜ਼ਨਿੰਗ ਸੀ ਅਤੇ ਰੈਸਟੋਰੈਂਟ ਵਿੱਚ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ‘ਮਾੜੀ’ ਸੀ।