Punjab

ਕੇਜਰੀਵਾਲ ਨਵੇਂ ਵਾਅਦਿਆਂ ਨਾਲ ਸਾਡੇ ਜ਼ਖਮਾਂ ‘ਤੇ ਛਿੜਕ ਰਹੇ ਲੂਣ – ਚੀਮਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕੀਤੇ ਗਏ ਐਲਾਨਾਂ ਬਾਰੇ ਪ੍ਰੈੱਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ‘ਤੇ ਕਈ ਨਿਸ਼ਾਨੇ ਕੱਸੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਿੱਚ ਆ ਕੇ ਝੂਠ ਬੋਲਿਆ ਹੈ। ਕੇਜਰੀਵਾਲ ਪੰਜਾਬ ਦੇ ਨਾਲ ਅੱਜ ਕਈ ਨਵੇਂ ਵਾਅਦੇ ਕਰਨ ਆਏ ਹਨ, ਇਸਦਾ ਮਤਲਬ ਕਿ ਉਹ ਸਾਡੇ ਜ਼ਖਮਾਂ ‘ਤੇ ਲੂਣ ਛਿੜਕ ਰਹੇ ਹਨ ਕਿਉਂਕਿ ਹਾਲੇ ਤੱਕ ਪੰਜਾਬ ਵਾਸੀਆਂ ਨੂੰ ਬੇਅਦਬੀ ਮੁੱਦੇ ਦਾ ਇਨਸਾਫ ਨਹੀਂ ਮਿਲਿਆ। ਚੀਮਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੇਜਰੀਵਾਲ ਨੇ ਉਸ ਅਫਸਰ ਨੂੰ ਆਪਣੇ ਨਾਲ ਬਿਠਾਇਆ, ਜਿਸਨੇ ਬੇਦਅਦਬੀ ਮਾਮਲੇ ਦੀ ਜਾਂਚ ਨੂੰ ਵਿਚਾਲੇ ਹੀ ਰਹਿਣ ਦਿੱਤਾ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਨਾਲ ਇੱਕ ਵਾਰ ਵਿਸ਼ਵਾਸਘਾਤ ਹੋ ਸਕਦਾ ਹੈ ਪਰ ਵਾਰ-ਵਾਰ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕ ਸਿਆਣੇ ਹਨ। ਦਿੱਲੀ ਦਾ ਫਲਾਪ ਮਾਡਲ ਅੱਜ ਪੰਜਾਬ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੁਣ ਦਿੱਲੀ ਵਾਲਿਆਂ ਨੇ ਪੁੱਛਣਾ ਕਿ ਦਿੱਲੀ ਵਿੱਚ ਤਾਂ 200 ਯੂਨਿਟ ਤੱਕ ਬਿਜਲੀ ਮੁਫਤ ਹੈ ਤਾਂ ਫਿਰ ਪੰਜਾਬ ਵਿੱਚ ਕੀ ਚੋਣਾਂ ਲਈ 300 ਯੂਨਿਟ ਤੱਕ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਜਾਣ-ਬੁੱਝ ਕੇ ਵਾਰ-ਵਾਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਆਉਂਦੇ ਹਨ।