Punjab

ਪੰਜਾਬ ‘ਚ ਮੁੜ ਘਟੇ ਕਰੋਨਾ ਟੀਕੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਟੀਕਿਆਂ ਦੀ ਘਾਟ ਮੁੜ ਤੋਂ ਹੋ ਗਈ ਹੈ। ਸੂਬੇ ਵਿੱਚ ਕੋਵੀਸ਼ੀਲਡ ਟੀਕਿਆਂ ਦੀ ਘਾਟ ਹੋ ਗਈ ਹੈ ਅਤੇ ਕੋਵੈਕਸੀਨ ਦੀਆਂ ਸਿਰਫ਼ 11 ਲੱਖ 2 ਹਜ਼ਾਰ 821 ਖੁਰਾਕਾਂ ਹੀ ਰਹਿ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਪੰਜਾਬ ਨੂੰ ਹੋਰ ਵੈਕਸੀਨ ਮੁਹੱਈਆ ਕਰਵਾਉਣ ਲਈ ਮੰਗ ਕੀਤੀ ਹੈ ਤਾਂ ਜੋ ਅਗਲੇ ਦੋ ਮਹੀਨਿਆਂ ਵਿੱਚ ਯੋਗ ਵਿਅਕਤੀਆਂ ਦਾ ਟੀਕਾਕਰਨ ਮੁਕੰਮਲ ਕਰਨ ਲਈ 18 ਤੋਂ 45 ਸਾਲ ਦੀ ਉਮਰ ਵਰਗ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ ਦੇ ਟੀਕੇ ਲਗਾਏ ਜਾ ਸਕਣ।

ਕੈਪਟਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਰਜੀਹੀ ਵਰਗਾਂ ਨੂੰ ਕਵਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੋ ਮਹੀਨਿਆਂ ਵਿੱਚ ਸਾਰੇ ਯੋਗ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਹੈ, ਜਿਸ ਤੋਂ ਬਾਅਦ ਸਮਾਂ-ਸੂਚੀ ਅਨੁਸਾਰ ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ। ਮੌਜੂਦਾ ਸਮੇਂ ਟੀਕਾਕਰਨ ਲਈ ਪੰਜਾਬ ਦੀ ਯੋਗ ਆਬਾਦੀ ਦੇ 4.8 ਫ਼ੀਸਦੀ ਹਿੱਸੇ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਮੁਹਾਲੀ ਪਹਿਲੀ ਅਤੇ ਦੂਜੀ ਖੁਰਾਕਾਂ ਲਗਾਉਣ ਵਿੱਚ ਮੋਹਰੀ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਸਾਸ਼ਿਤ ਸੂਬਿਆਂ ਜਿਵੇਂ ਹਰਿਆਣਾ ਅਤੇ ਗੁਜਰਾਤ ਨੂੰ ਕੇਂਦਰ ਵੱਲੋਂ ਵੱਡੀ ਮਾਤਰਾ ਵਿੱਚ ਕਰੋਨਾ ਟੀਕਾ ਮੁਹੱਈਆ ਕਰਵਾਉਣ ਬਾਰੇ ਸਵਾਲ ਕੀਤਾ। ਕੈਪਟਨ ਨੇ ਸਬੰਧਤ ਵਿਭਾਗਾਂ ਨੂੰ ਟੀਕਾਕਰਨ, ਟੈਸਟਿੰਗ ਅਤੇ ਮਾਈਕਰੋ-ਕੰਟੇਨਮੈਂਟ ਜ਼ੋਨਾਂ ਦੇ ਮਾਮਲੇ ਵਿੱਚ ਸਹਾਇਤਾ ਲਈ ਜਨਤਾ ਨੂੰ ਉਤਸ਼ਾਹਤ ਕਰਨ ਹਿੱਤ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।