India

ਕੰਗਣਾ ਰਣੌਤ ਨੂੰ ਸਬਕ ਸਿਖਾਉਣ ਵਾਲੀ ਬੇਬੇ ਮਹਿੰਦਰ ਕੌਰ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਿਤ

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਧਾਰੀ ਮਾਤਾ ਮਹਿੰਦਰ ਕੌਰ ਨੂੰ ਸਨਮਾਨਿਤ ਕੀਤਾ ਹੈ। ਮਾਤਾ ਮਹਿੰਦਰ ਕੌਰ ਆਪਣੇ ਪਰਿਵਾਰ ਸਮੇਤ ਇਹ ਸਨਮਾਨ ਲੈਣ ਲਈ ਪਹੁੰਚੇ। ਪਿਛਲੇ ਦਿਨੀਂ ਫਿਲਮੀ ਅਦਾਕਾਰਾ ਕੰਗਣਾ ਰਣੌਤ ਨੇ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਈ ਮਾਤਾ ਮਹਿੰਦਰ ਕੌਰ ਨੂੰ 100 ਰੁਪਏ ਦਿਹਾੜੀ ਵਾਲੀ ਮਾਈ ਕਿਹਾ ਸੀ, ਜਿਸਦਾ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ। ਕੰਗਣਾ ਰਣੌਤ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸ਼ਾਹੀਨ ਬਾਗ ਦੀ ਦਾਦੀ ਦਾ ਹਵਾਲਾ ਦਿੰਦਿਆਂ ਟਵੀਟ ਕਰਕੇ ਕਿਹਾ ਸੀ ਕਿ ਇਹ ਔਰਤਾਂ 100 ਰੁਪਏ ਦਿਹਾੜੀ ਲੈ ਕੇ ਧਰਨੇ ਵਿੱਚ ਆਉਂਦੀਆਂ ਹਨ।

ਕੰਗਣਾ ਰਣੌਤ ਦੇ ਇਨ੍ਹਾਂ ਟਵੀਟਾਂ ਦਾ ਜਵਾਬ ਦਿੰਦਿਆਂ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਕੰਗਣਾ ਰਣੌਤ ‘ਤੇ ਬਹੁਤ ਨਿਸ਼ਾਨੇ ਕੱਸੇ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੋਵਾਂ ਅਦਾਕਾਰਾਂ ਵਿਚਾਲੇ ਟਵਿੱਟਰ ‘ਤੇ ਇੱਕ-ਦੂਜੇ ਖਿਲਾਫ ਚੱਲੀ ਬਿਆਨਬਾਜ਼ੀ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ।

ਮਹਿੰਦਰ ਕੌਰ ਨੇ ਕੰਗਣਾ ਰਣੌਤ ਦੇ ਖਿਲਾਫ ਗਲਤ ਟਿੱਪਣੀ ਕਰਨ ‘ਤੇ ਥਾਣੇ ਵਿੱਚ ਕੇਸ ਵੀ ਦਰਜ ਕਰਵਾਇਆ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਮਹਿੰਦਰ ਕੌਰ ਦਾ ਸਾਥ ਦਿੰਦਿਆਂ ਕੰਗਣਾ ਰਣੌਤ ਦੇ ਖਿਲਾਫ ਕੇਸ ਦਰਜ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਸੀ।