India

ਸ਼ਰਾਬ ਘੁਟਾਲੇ ’ਚ ਬਰੀ ਹੋਏ ਕੇਜਰੀਵਾਲ, ਕੋਰਟ ਤੋਂ ਬਾਹਰ ਆਉਂਦਿਆਂ ਹੋਏ ਭਾਵੁਕ

ਦਿੱਲੀ ਦੀ ਨਈ ਆਬਕਾਰੀ ਨੀਤੀ (ਸ਼ਰਾਬ ਨੀਤੀ) ਮਾਮਲੇ ਵਿੱਚ ਰਾਊਜ਼ ਐਵੇਨਿਊ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਦੇ ਘੋਟਾਲੇ ਵਾਲੇ ਕੇਸ ਵਿੱਚ ਬਰੀ ਕਰ ਦਿੱਤਾ ਹੈ।

ਅਦਾਲਤ ਨੇ ਕਿਹਾ ਕਿ ਸੀਬੀਆਈ ਵੱਲੋਂ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਨਾਲ ਦੋਸ਼ ਸਾਬਤ ਹੋ ਸਕਣ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਸਾਫ਼ ਕਿਹਾ ਕਿ ਆਬਕਾਰੀ ਨੀਤੀ ਵਿੱਚ ਕੋਈ ਵੱਡੀ ਸਾਜ਼ਿਸ਼ ਜਾਂ ਅਪਰਾਧਿਕ ਇਰਾਦਾ ਸਾਬਤ ਨਹੀਂ ਹੋਇਆ। ਕਿਸੇ ਵੀ ਗਵਾਹੀ ਜਾਂ ਬਿਆਨ ਤੋਂ ਗੁਨਾਹ ਸਾਬਤ ਨਹੀਂ ਹੋਏ। ਅਦਾਲਤ ਨੇ ਸੀਬੀਆਈ ਦੀ ਜਾਂਚ ਨੂੰ ਖਾਮੀਆਂ ਨਾਲ ਭਰਪੂਰ ਦੱਸਦਿਆਂ ਕਿਹਾ ਕਿ ਗੰਭੀਰ ਆਰੋਪਾਂ ਲਈ ਮਜ਼ਬੂਤ ਸਬੂਤ ਲੋੜੀਂਦੇ ਹਨ, ਨਾ ਕਿ ਸਿਰਫ਼ ਅਨੁਮਾਨ ਜਾਂ ਕਹਾਣੀਆਂ। ਇਸ ਨਾਲ ਨਾ ਸਿਰਫ਼ ਚਾਰਜਸ਼ੀਟ ਵਿੱਚ ਖਾਮੀਆਂ ਸਾਹਮਣੇ ਆਈਆਂ ਬਲਕਿ ਜਾਂਚ ਅਧਿਕਾਰੀ ਵਿਰੁੱਧ ਵੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ।

ਕੋਰਟ ਤੋਂ ਬਾਹਰ ਆਉਂਦਿਆਂ ਭਾਵੁਕ ਹੋਏ ਕੇਜਰੀਵਾਲ

ਸੁਣਵਾਈ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਖੁਦ ਅਦਾਲਤ ਵਿੱਚ ਮੌਜੂਦ ਸਨ। ਫੈਸਲੇ ਤੋਂ ਬਾਅਦ ਕੇਜਰੀਵਾਲ ਬਹੁਤ ਭਾਵੁਕ ਹੋ ਗਏ ਅਤੇ ਰੋਣ ਲੱਗ ਪਏ। ਉਨ੍ਹਾਂ ਨੇ ਕਿਹਾ, “ਮੈਂ ਭ੍ਰਿਸ਼ਟ ਨਹੀਂ ਹਾਂ। ਅਦਾਲਤ ਨੇ ਕਿਹਾ ਹੈ ਕਿ ਕੇਜਰੀਵਾਲ ਅਤੇ ਸਿਸੋਦੀਆ ਇਮਾਨਦਾਰ ਹਨ।” ਮੀਡੀਆ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸ਼ਰਾਬ ਘੋਟਾਲੇ ਦੇ ਝੂਠੇ ਦੋਸ਼ ਲਾਏ ਅਤੇ ਆਮ ਆਦਮੀ ਪਾਰਟੀ ਦੇ ਚਾਰ ਚੋਟੀ ਦੇ ਲੀਡਰਾਂ ਨੂੰ ਜੇਲ੍ਹ ਵਿੱਚ ਸੁੱਟਿਆ।

ਕੇਜਰੀਵਾਲ ਨੇ ਕਿਹਾ ਕਿ ਸਾਡੇ ਖ਼ਿਲਾਫ਼ 24 ਘੰਟੇ ਟੀਵੀ ‘ਤੇ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਚਲਾਈਆਂ ਗਈਆਂ। ਪਰ ਅੱਜ ਅਦਾਲਤ ਨੇ ਸਾਨੂੰ ਬਰੀ ਕਰ ਦਿੱਤਾ। ਸੱਚ ਹਮੇਸ਼ਾ ਜਿੱਤਦਾ ਹੈ। ਪਰਮਾਤਮਾ ਸਾਡੇ ਨਾਲ ਹੈ। ਇਹ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਵੱਲੋਂ ਰਚੀ ਸਭ ਤੋਂ ਵੱਡੀ ਰਾਜਨੀਤਿਕ ਸਾਜ਼ਿਸ਼ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਬਹੁਤ ਸਮੱਸਿਆਵਾਂ ਹਨ, ਉਨ੍ਹਾਂ ਨੂੰ ਹੱਲ ਕਰੋ ਅਤੇ ਚੰਗਾ ਕੰਮ ਕਰਕੇ ਸੱਤਾ ਵਿੱਚ ਆਓ। ਇਹ ਤਰੀਕਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਇਹ ਕਹਿੰਦੇ ਹੋਏ ਉਹ ਭਾਵੁਕ ਹੋ ਗਏ।

ਕੇਜਰੀਵਾਲ ਨੂੰ 21 ਮਾਰਚ 2024 ਨੂੰ ਗ੍ਰਿਫ਼ਤਾਰ ਕੀਤਾ ਸੀ

ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਮਾਰਚ 2024 ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ 26 ਜੂਨ ਨੂੰ ਸੀਬੀਆਈ ਨੇ ਜੇਲ੍ਹ ਵਿੱਚੋਂ ਹਿਰਾਸਤ ਵਿੱਚ ਲਿਆ। ਸੁਪਰੀਮ ਕੋਰਟ ਨੇ 12 ਜੁਲਾਈ 2024 ਨੂੰ ਈਡੀ ਕੇਸ ਵਿੱਚ ਅਤੇ 13 ਜੁਲਾਈ ਨੂੰ ਰਿਹਾਈ ਦਿੱਤੀ। ਕੇਜਰੀਵਾਲ ਜ਼ਮਾਨਤ ‘ਤੇ ਸਨ। ਅਦਾਲਤ ਨੇ ਕਿਹਾ ਕਿ ਇਹ ਮਾਮਲਾ ਝੂਠਾ ਸੀ ਅਤੇ ਅੱਜ ਸੱਚ ਦੀ ਜਿੱਤ ਹੋਈ ਹੈ। ਇਸ ਫੈਸਲੇ ਨਾਲ ਆਮ ਆਦਮੀ ਪਾਰਟੀ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਰਾਜਨੀਤਿਕ ਬਹਿਸ ਤੇਜ਼ ਹੋ ਗਈ ਹੈ।