ਬਿਊਰੋ ਰਿਪੋਰਟ : ਕਬੱਡੀ ਖਿਡਾਰੀਆਂ ਤੋਂ ਬਾਅਦ ਹੁਣ ਕੋਚ ਨੂੰ ਵੀ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਸੰਦੀਪ ਨੰਗਲ ਅੰਬੀਆਂ ਵਾਂਗ ਹੁਣ ਮੋਗਾ ਦੇ ਕਬੱਡੀ ਕੋਟ ਗੁਰਪ੍ਰੀਤ ਸਿੰਘ ਗਿੰਦਰੂ ਦਾ ਕਤ ਲ ਕਰ ਦਿੱਤਾ ਗਿਆ ਹੈ। ਇਹ ਵਾਰਦਾਤ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਵਾਪਰੀ ਹੈ । ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਨੇੜਿਓਂ ਗੋਲੀ ਮਾਰੀ ਗਈ ਹੈ । ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਗਿੰਦਰੂ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ । ਉਸ ਕੋਲ ਕਾਫੀ ਕੈਸ਼ ਰੁਪਏ ਸਨ । ਕਬੱਡੀ ਕੋਚ ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਦਾ ਸੀ । ਹੁਣ ਤੱਕ ਦੀ ਜਾਂਚ ਤੋਂ ਸ਼ੱਕ ਹੈ ਕਿ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੋ ਸਕਦਾ ਹੈ । ਇਸ ਤੋਂ ਪਹਿਲਾਂ ਵੀ ਮਨੀਲਾ ਵਿੱਚ ਕਈ ਪੰਜਾਬੀਆਂ ਲੁੱਟ ਦੇ ਇਰਾਦੇ ਨਾਲ ਕਤਲ ਦਾ ਸ਼ਿਕਾਰ ਹੋ ਚੁੱਕੇ ਹਨ।
ਪਰਿਵਾਰ ਦੀ ਸਰਕਾਰ ਤੋਂ ਮੰਗ
ਗੁਰਪ੍ਰੀਤ ਸਿੰਘ ਦੇ ਕਤਲ ਦੀ ਖਬਰ ਤੋਂ ਬਾਅਦ ਨਿਹਾਲ ਸਿੰਘ ਵਾਲਾ ਦੇ ਪਿੰਡ ਪਾਖਰਵਾੜ ਵਿੱਚ ਸੋਗ ਦਾ ਮਾਹੌਲ ਹੈ । ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦਾ ਪੁੱਤ ਇਸ ਦੁਨੀਆ ਵਿੱਚ ਨਹੀਂ ਰਿਹਾ । ਪਰਿਵਾਰ ਨੇ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਹ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਦੇਹ ਅੰਤਿਮ ਸਸਕਾਰ ਲਈ ਵਾਪਸ ਲੈਕੇ ਆਉਣ। ਇਸ ਤੋਂ ਪਹਿਲਾਂ ਮਾਰਚ 2022 ਨੂੰ ਇੰਗਲੈਂਡ ਦੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦਾ ਜਲੰਧਰ ਵਿੱਚ ਕਬੱਡੀ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਉਹ ਜਲੰਧਰ ਵਿੱਚ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਏ ਸਨ । ਇਸ ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਸੇ ਵਾਰਦਾਤ ਤੋਂ ਬਾਅਦ ਹੀ ਪੰਜਾਬ ਵਿੱਚ ਗੈਂਗਸਟਰ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਏ ਸਨ । ਇਸ ਤੋਂ ਬਾਅਤ ਅਗਲਾ ਨਿਸ਼ਾਨਾ ਗਾਇਕ ਸਿੱਧੂ ਮੂਸੇਵਾਲਾ ਬਣਿਆ ਅਤੇ ਫਿਰ ਇੱਕ ਤੋਂ ਇੱਕ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ।
ਕਤਲ ਦੇ ਪਿੱਛੇ ਗੈਂਗਸਟਰ
ਸੰਦੀਪ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤ ਲ ਵਿੱਚ ਇੱਕ ਹੋਰ ਵੱਡਾ ਖੁਲਾਸਾ ਇਹ ਹੋਇਆ ਸੀ ਕਿ ਕਿਸ ਕਦਰ ਪੰਜਾਬ ਦੀਆਂ ਖੇਡਾਂ ਅਤੇ ਮਿਊਜ਼ਿਕ ਸਨਅਤ ਵਿੱਚ ਗੈਂਗਸਟਰਾਂ ਹਾਵੀ ਹੁੰਦੇ ਜਾ ਰਹੇ ਹਨ । ਇਹ ਦੋਵਾਂ ਮਾਮਲਿਆਂ ਵਿੱਚ ਕਤਲ ਦੇ ਪਿੱਛੇ ਗੈਂਗਸਟਰਾਂ ਦਾ ਹੱਥ ਹੀ ਸੀ । ਇਸ ਤੋਂ ਇਲਾਵਾ ਮਨੀਲਾ ਵਿੱਚ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਗਿੰਦਰੂ ਦਾ ਕਤਲ ਹੋਇਆ ਹੈ ਉਸ ਨੇ ਵੀ ਇਹ ਸਾਬਿਤ ਕਰ ਦਿੱਤਾ ਹੈ ਕਿ ਮਨੀਲਾ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਹੈ । ਪਿਛਲੇ 1 ਦਹਾਕੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਗੁਜ਼ਰ ਦਾ ਹੋਵੇ ਜਦੋਂ ਮਨੀਲਾ ਤੋਂ ਕਿਸੇ ਪੰਜਾਬੀ ਦੇ ਕਤਲ ਦੀ ਖਬਰ ਆ ਆਉਂਦੀ ਹੋਵੇ। ਇਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਮਨੀਲਾ ਵਿੱਚ ਫਾਇਨਾਂਸ ਦਾ ਕੰਮ ਕਰਦੇ ਹਨ ਅਤੇ ਉੱਥੇ ਸਰਗਰਮ ਗੈਂਗ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ ।