ਮੁਹਾਲੀ : ਇਸ ਵਾਰ ਮੀਂਹ ਤੋਂ ਬਾਅਦ ਇਕਦਮ ਸੂਰਜ ਦੀ ਗਰਮੀ ਵਧਣ ਕਾਰਨ ਸੂਰਜਮੁੱਖੀ ਦੇ ਕਾਸ਼ਤਕਾਰ ਪਾਣੀ ਲਾਉਣ ਦੇ ਢੰਗ ਵਲ ਖਾਸ ਧਿਆਨ ਦੇਣ ਦੀ ਲੋੜ ਹੈ। ਹੁਣ ਜਿਉਂ ਜਿਉਂ ਗਰਮੀ ਵੱਧ ਰਹੀ ਹੈ ਕਿਸਾਨ ਵੀਰ ਖੇਤ ਵਿੱਚ ਨਮੀ ਦੀ ਮਾਤਰਾ ਬਰਕਰਾਰ ਰੱਖਣ ਅੱਧੀ ਫ਼ਸਲ ਦੇ ਫੁੱਲ ਨਿੱਕਲਣ ਸਮੇਂ ਸਿੰਚਾਈ ਅਤਿ ਜ਼ਰੂਰੀ ਹੈ, ਇਸ ਸਮੇਂ ਦੌਰਾਨ ਸਿੰਚਾਈ ਦੀ ਅਣਗਹਿਲੀ ਕਾਰਨ ਝਾੜ 25 ਫੀਸਦ ਤੱਕ ਘੱਟ ਸਕਦਾ ਹੈ| ਇਹ ਜਾਣਕਾਰੀ ਸੁਚੱਜੀ ਸੂਰਜਮੁਖੀ ਦੀ ਫ਼ਸਲ ਦੀ ਕਾਸ਼ਤ ਲਈ ਬਲਾਕ ਡੇਰਾਬਸੀ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਖਾਸ ਗੱਲਬਾਤ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਅਤੇ ਖੇਤੀਬਾੜੀ ਅਫ਼ਸਰ, ਡੇਰਾਬੱਸੀ ਡਾ.ਹਰਸੰਗੀਤ ਸਿੰਘ ਨੇ ਸਾਂਝੀ ਕੀਤੀ।
ਸੂਰਜਮੁਖੀ ਦੀ ਫ਼ਸਲ ਵਿੱਚ ਕੀੜੇ-ਮੱਕੋੜੇ ਦੇ ਹਮਲੇ ਤੋਂ ਸੁਚੇਤ ਰਹਿਣ ਕਿਸਾਨ
ਸੂਰਜਮੁੱਖੀ ਵਿੱਚ ਕੀੜੇ- ਮਕੋੜਿਆਂ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ, ਡੇਰਾਬੱਸੀ ਡਾ. ਦਨਿਸ਼ ਕੁਮਾਰ ਨੇ ਦਸਿਆ ਕਿ ਆਲੂ ਵਾਲੇ ਖੇਤਾਂ ਵਿੱਚ ਬੀਜੀ ਫ਼ਸਲ ਤੇ ਕੱਟ ਵਰਮ (ਚੋਰ ਕੀੜਾ) ਦੇ ਹਮਲਾ ਦੇਖਣ ਵਿੱਚ ਆ ਰਿਹਾ ਹੈ ਸੋ ਕਿਸਾਨ ਵੀਰ ਹਮਲਾ ਹੋਣ ਦੀ ਸੂਰਤ ਵਿੱਚ 300 ਮਿਲੀ ਲੀਟਰ ਸਾਈਪਰਮੈਥਰਿਨ(ਸੁਪਰਕਿਲਰ) 10 ਈ ਸੀ ਦਵਾਈ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ|
ਦਵਾਈ ਦੇ ਛਿੜਕਾਅ ਸਮੇਂ ਕਾਸ਼ਤਕਾਰ ਖਾਸ ਧਿਆਨ ਰੱਖਣ ਕਿ ਛਿੜਕਾਅ ਸਿਰਫ ਸ਼ਾਮ ਦੇ ਸਮੇਂ 4 ਵਜੇ ਤੋਂ ਬਾਅਦ ਹੀ ਕੀਤੀ ਜਾਵੇ ਕਿਉਂਕਿ ਦਿਨ ਵੇਲੇ ਮਿੱਤਰ ਕੀੜੇ ਸੂਰਜਮੁਖੀ ਦੇ ਫੁੱਲ ਵਿੱਚ ਪਰ-ਪਰਾਗਣ ਕਿਰਿਆ ਕਰ ਰਹੇ ਹੁੰਦੇ ਹਨ। ਦੁਪਹਿਰ ਤੋਂ ਪਹਿਲਾਂ ਵੇਲੇ ਛਿੜਕਾਅ ਕਰਨ ਨਾਲ ਮਿਤਰ ਕੀੜੇ ਜਿਵੇ ਕੇ ਮਧੂ ਮੱਖੀਆਂ ਜਹਿਰ ਦੀ ਜੱਦ ਵਿੱਚ ਆ ਕੇ ਮਰ ਜਾਂਦੀਆਂ ਹਨ ਜਿਸ ਨਾਲ ਸੂਰਜਮੁਖੀ ਦੀ ਫ਼ਸਲ ਦੇ ਝਾੜ ਵਿੱਚ 50 ਫੀਸਦ ਤੱਕ ਕਮੀ ਆ ਸਕਦੀ ਹੈ|
ਦੱਸ ਦੇਈਏ ਕਿ ਬਲਾਕ ਡੇਰਾਬੱਸੀ ਵਿੱਚ ਆਲੂਆਂ ਦੀ ਹਾੜੀ ਦੀ ਫ਼ਸਲ ਤੋਂ ਬਾਅਦ ਹੋਣ ਵਾਲੀ ਫ਼ਸਲ ਵਿੱਚ ਇਸ ਸਾਲ ਅੰਤਰ-ਰਾਸ਼ਟਰੀ ਤੇਲ ਦੀ ਮੰਗ ਕਾਰਨ ਸੂਰਜਮੁੱਖੀ ਹੇਠ ਰਕਬਾ ਬਹੁਤਾਤ ਵਿੱਚ ਹੈ।