Punjab Religion

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਈ ਗਈ ਜੂਨ 1984 ਘੱਲੂਘਾਰੇ ਦੀ 39ਵੀਂ ਬਰਸੀ , ਜਥੇਦਾਰ ਵੱਲੋਂ ਸਿੱਖ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਨੂੰ ਦਿੱਤੇ ਗਏ ਇਹ ਹੁਕਮ

June 1984 39th death anniversary of Ghalughare celebrated at Shri Akal Takht Sahib

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਜੂਨ 1984 ਘੱਲੂਘਾਰੇ ਦੀ 39ਵੀਂ ਬਰਸੀ ਮਨਾਈ ਗਈ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਸਮਾਗਮ ਕਰਵਾਏ ਗਏ। ਵੱਡੀ ਗਿਣਤੀ ਵਿੱਚ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ। ਚਾਰ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ ਅਤੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਰਦਾਸ ਕੀਤੀ ਗਈ। ਅਰਦਾਸ ਵਿੱਚ ਸਰਕਾਰ ਦੇ ਜਬਰ ਨੂੰ ਵਖਿਆਨ ਕਰਦਿਆਂ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਗਈ। ਇਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦਾ ਪਾਵਨ ਹੁਕਮਨਾਮਾ ਲਿਆ ਗਿਆ।

ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਤਕਰੀਰ ਕਰਦਿਆਂ ਸਿੱਖਾਂ ਦੇ ਬਾਦਸ਼ਾਹਤ ਦੇ ਸੰਕਲਪ ਦੀ ਗੱਲ ਕੀਤੀ। ਜਥੇਦਾਰ ਨੇ 1984 ਦੇ ਘੱਲੂਘਾਰੇ ਦੇ ਇਤਿਹਾਸ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ 1984 ਵੇਲੇ ਦੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਵਾ ਕੇ ਸਿੱਖ ਕੌਮ ਦੇ ਦਿਲ ‘ਤੇ ਡੂੰਘੇ ਜ਼ਖ਼ਮ ਦਿੱਤੇ ਹਨ। ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੂਰਜ ਪੱਛਮ ਤੋਂ ਚੜ੍ਹ ਸਕਦੈ ਪਰ ਸਿੱਖ ਕੌਮ 1984 ਨੂੰ ਕਦੇ ਨਹੀਂ ਭੁੱਲ ਸਕਦੇ।

• ਜਥੇਦਾਰ ਨੇ ਕਿਹਾ ਕਿ ਸਿੱਖਾਂ ਨੂੰ 1984 ਘੱਲੂਘਾਰਾ ਕਦੇ ਭੁੱਲੇਗਾ ਨਹੀਂ ਅਤੇ ਨਾ ਹੀ ਇਸ ਨੂੰ ਕਦੇ ਭੁਲਾਇਆ ਜਾ ਸਕਦਾ ਹੈ, ਕਿਉਂਕਿ ਇਸ ਦੇ ਜ਼ਖ਼ਮ ਬੜੇ ਗਹਿਰੇ ਹਨ।
• ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਸਾਡੇ ਜ਼ਖ਼ਮਾਂ ‘ਤੇ ਮੱਲਮ ਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।
• ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀਆਂ ਸੰਸਥਾਵਾਂ ਮਜ਼ਬੂਤ ਕਰਨ ਦੀ ਲੋੜ ਹੈ।
• ਸਾਨੂੰ ਅੱਜ ਆਪਣੇ ਮਤਭੇਦ ਭੁੱਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ ਇਕੱਠੇ ਹੋ ਕੇ ਬੈਠਣਾ ਚਾਹੀਦਾ ਹੈ ਅਤੇ ਇਸ ਮਾਮਲੇ ‘ਤੇ ਵਿਚਾਰ ਕਰਨਾ ਚਾਹੀਦਾ ਹੈ।
• ਸਾਡਾ ਸਿਆਸੀ ਵਿਰੋਧ ਅਲੱਗ ਚੀਜ਼ ਹੈ, ਪਰ ਇਨ੍ਹਾਂ ਸੰਸਥਾਵਾਂ ਨੂੰ ਸਿਆਸੀ ਵਿਰੋਧ ਦੀ ਆੜ ਵਿੱਚ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ।
• ਉਨ੍ਹਾਂ ਨੇ ਕਿਹਾ ਕਿ ਅੱਜ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦੀ ਬਹੁਤ ਜ਼ਰੂਰਤ ਹੈ।
• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀਆਂ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਇਹ ਸਾਰੀਆਂ ਸੰਸਥਾਵਾਂ ਸਾਡੀ ਤਾਕਤ ਹਨ ਅਤੇ ਅਸੀਂ ਇਨ੍ਹਾਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ।
• ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤ ਅਤੇ ਸਿੱਖ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਸਿੱਖ ਸ਼ਕਤੀ ਨੂੰ ਇਕੱਠਾ ਕਰੀਏ ।
• ਜਥੇਦਾਰ ਨੇ ਕਿਹਾ ਕਿ ਸਰਕਾਰ ਅੱਗੇ ਇਨਸਾਫ਼ ਮੰਗਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਸਰਕਾਰਾਂ ਸਾਨੂੰ ਇਨਸਾਫ਼ ਦੇਣਾ ਨਹੀਂ ਚਾਹੁੰਦੀਆਂ।

 

ਜਥੇਦਾਰ ਨੇ ਕਿਹਾ ਕਿ ਇਸ ਦੇ ਉਲਟ ਸਰਕਾਰਾਂ ਨੇ ਸਾਡੇ ਖ਼ਿਲਾਫ਼ ਬਿਰਤਾਂਤ ਸਿਰਜਣਾ ਸ਼ੁਰੂ ਕਰ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਜਾਣ-ਬੁੱਝ ਕੇ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਸਿੱਖ ਘੱਟ ਗਿਣਤੀ ਵਿਚ ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਪਿੰਡਾਂ ਵਿਚ ਕਾਫ਼ਲੇ ਬੰਨ੍ਹ ਕੇ ਤੁਰੀਏ। ਉਨ੍ਹਾਂ ਕਿਹਾ ਕਿ ਨਸ਼ਿਆਂ ਰਾਹੀਂ ਸਾਡੀ ਪੀੜੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਜਿਹੜੇ ਸਾਡੇ ਤੋਂ ਦੂਰ ਹੋ ਚੁੱਕੇ ਹਨ, ਪਤਿਤ ਹੋ ਚੁੱਕੇ ਹਨ, ਨਸ਼ਿਆਂ ਵਿਚ ਗ੍ਰਸਤ ਹੋ ਚੁੱਕੇ ਹਨ, ਉਨ੍ਹਾਂ ਨੂੰ ਮੁੜ ਮੋੜ ਕੇ ਲਿਆਈਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜੀਏ।

ਉਨ੍ਹਾਂ ਨੇ ਸਿੱਖਾਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਨਾਮ ਬਾਣੀ ਨਾਲ ਜੋੜਨ ਅਤੇ ਸਿੱਖ ਸ਼ਕਤੀ ਸੰਭਾਲਣ ਤਾਂ ਸਾਨੂੰ ਸਰਕਾਰਾਂ ਤੋਂ ਕੋਈ ਭੀਖ ਮੰਗਣ ਦੀ ਲੋੜ ਨਹੀਂ ਹੈ ਤੇ ਜੋ ਸਾਡੇ ਦਿਲਾਂ ਵਿਚ ਹੈ, ਅਸੀਂ ਆਪ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸ਼ਕਤੀ ਇਕੱਠੀ ਹੋ ਜਾਵੇ ਤਾਂ ਅਸੀਂ ਸਰਕਾਰਾਂ ਨੂੰ ਝੁਕਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਤੌਰ ’ਤੇ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਸਾਨੂੰ 1984 ਯਾਦ ਕਰਵਾਇਆ ਜਾਵੇਗਾ, ਸਿੱਖ ਕੌਮ ਉੱਨੀ ਮਜ਼ਬੂਤ ਹੋਵੇਗੀ।

ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ, ਧਾਰਮਿਕ ਸੰਪਰਦਾਵਾਂ, ਜਥੇਬੰਦੀਆਂ ਦੇ ਮੁਖੀ, ਸ਼ਹੀਦ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹੋਏ।  ਖਾਸ ਗੱਲ ਦੇਖਣ ਨੂੰ ਮਿਲੀ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਸਾਰੀ ਥਾਂ ਸਿਵਲ ਵਰਦੀ ਵਿੱਚ ਤਾਇਨਾਤ ਪੁਲਿਸ ਅਤੇ ਕਾਲੀਆਂ ਦਸਤਾਰਾਂ ਵਿੱਚ ਤਾਇਨਾਤ ਐੱਸਜੀਪੀਸੀ ਦੀ ਟਾਸਕ ਫੋਰਸ ਨੇ ਘੇਰੀ ਹੋਈ ਸੀ ਜਦਕਿ ਸੰਗਤ ਬਾਊਂਡਰੀ ਦੇ ਨਾਲ ਜਾਂ ਦੂਰ-ਦੂਰ ਤੱਕ ਖੜ ਕੇ ਸਮਾਗਮ ਵਿੱਚ ਸ਼ਾਮਿਲ ਹੋਈ।