International Punjab

ਅਮਰੀਕੀ ਟਰੱਕ ਡਰਾਈਵਰ ਜੱਗ ਬੈਂਸ ਦੀ ਪੂਰੀ ਦੁਨੀਆ ‘ਚ ਚਰਚਾ !

ਬਿਉਰੋ ਰਿਪੋਰਟ : ਅਮਰੀਕੀ ਸਿੱਖ ਟਰੱਕ ਡਰਾਈਵਰ ਜੱਗ ਬੈਂਸ ਦੇ ਚਰਚੇ ਚਾਰੋ ਪਾਸੇ ਹੋ ਰਹੇ ਹਨ । ਦਰਅਸਲ ਅਮਰੀਕਾ ਦੇ ਮਸ਼ਹੂਰ ਰਿਐਲਟੀ ਟੀਵੀ ਸ਼ੋਅ ‘ਬਿੱਗ ਬ੍ਰਦਰ’ ਦਾ ਜੱਗ ਬੈਂਸ ਹਿੱਸਾ ਬਣੇ ਹਨ । ਸ਼ੋਅ ਦੇ 25ਵੇਂ ਸੀਜ਼ਨ ਵਿੱਚ ਜੇਕਰ ਉਹ ਜਿੱਤੇ ਤਾਂ ਉਨ੍ਹਾਂ ਨੂੰ 7,50,000 ਡਾਲਰ ਇਨਾਮ ਦੇ ਤੌਰ ‘ਤੇ ਮਿਲਣਗੇ। ਸ਼ੋਅ ਵਿੱਚ ਉਨ੍ਹਾਂ ਦੇ ਨਾਲ 16 ਵਿਅਕਤੀ ਹਿੱਸਾ ਲੈ ਰਹੇ ਹਨ। ਜਿਸ ਵਿੱਚ ਕਲਾਕਾਰ ਅਤੇ ਹੋਰ ਖਿੱਤੇ ਤੋਂ ਵੀ ਲੋਕ ਹਨ । ਇਹ ਸ਼ੋਅ ਭਾਰਤ ਵਿੱਚ ਚੱਲਣ ਵਾਲੇ ‘ਬਿੱਗ ਬਾਸ’ ਸ਼ੋਅ ‘ਤੇ ਅਧਾਰਤ ਹੈ,ਜਿਸ ਨੂੰ ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਹੋਸਟ ਕਰਦੇ ਹਨ।

‘ਬਿੱਗ ਬ੍ਰਦਰ’ ਸ਼ੋਅ ਵਿੱਚ ਜੱਗ ਬੈਂਸ ਨੂੰ 16 ਲੋਕਾਂ ਨਾਲ ਇੱਕ ਘਰ ਵਿੱਚ ਰਹਿਣਾ ਹੋਵੇਗਾ,ਉਸ ਕੋਲ ਕੋਈ ਵੀ ਮੋਬਾਈਲ ਫੋਨ ਨਹੀਂ ਹੋਵੇਗਾ ਸ਼ੋਅ ਦੇ ਦੌਰਾਨ ਕਿਸੇ ਵੀ ਪਰਿਵਾਰ ਮੈਂਬਰ ਅਤੇ ਦੋਸਤ ਨਾਲ ਕੋਈ ਸੰਪਰਕ ਨਹੀਂ ਹੋਵੇਗਾ । ਹਰ ਹਫਤੇ ਵੋਟਿੰਗ ਹੋਵੇਗੀ ਜਿਸ ਨੂੰ ਸਭ ਤੋਂ ਘੱਟ ਵੋਟ ਮਿਲਣਗੇ ਉਹ ਪ੍ਰਤਿਭਾਗੀ ਬਾਹਰ ਹੁੰਦਾ ਜਾਵੇਗਾ । ਅਖੀਰ ਵਿੱਚ ਜਿੱਤਣ ਵਾਲੇ ਨੂੰ 7,50,000 ਡਾਲਰ ਦਾ ਇਨਾਮ ਦਿੱਤਾ ਜਾਵੇਗਾ । ਜੱਗ ਬੈਂਸ ਇਸ ਸ਼ੋਅ ਵਿੱਚ ਜਾਣ ਤੋਂ ਪਹਿਲਾਂ ਕਾਫੀ ਉਤਸ਼ਾਹਿਤ ਸਨ ਉਨ੍ਹਾਂ ਨੇ ਆਪ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ ।

ਜੱਗ ਬਿੱਗ ਬ੍ਰਦਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਹਨ। ਆਪਣੀ ਇੰਸਟਾਗ੍ਰਾਮ ID ‘ਤੇ ਇੱਕ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ‘ਬਿੱਗ ਬ੍ਰਦਰ ਦੇ ਹਾਊਸ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਪ੍ਰਗਟ ਰਰਨ ਲਈ ਮੇਰੇ ਕੋਲ ਸ਼ਬਦਾਂ ਦੀ ਕਮੀ ਪੈ ਗਈ ਹੈ । ਮੈਂ ਬਚਪਨ ਵਿੱਚ ਸ਼ੋਅ ਬਹੁਤ ਵੇਖਦਾ ਹੁੰਦਾ ਸੀ ਅਤੇ ਹੁਣ ਇਸ ਸ਼ੋਅ ਦਾ ਹਿੱਸਾ ਬਣਨਾ ਸੁਪਣਾ ਸਾਕਾਰ ਹੋ ਵਰਗਾ ਹੈ’। ਉਸ ਨੇ ਕਿਹਾ ਮੈਂ ‘ਬਿੱਗ ਬ੍ਰਦਰ’ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਅਤੇ ਦੁਨੀਆ ਨਾਲ ਆਪਣੀ ਕਹਾਣੀ ਸਾਂਝੀ ਕਰਨ ਦੇ ਇਸ ਮੌਕੇ ਲਈ ਸਭ ਦਾ ਧੰਨਵਾਦ ਕਰਦਾ ਹਾਂ। ਜੱਗ ਬੈਂਸ ਨੇ ਕਿਹਾ ਇਹ ਮੌਕਾ ਉਸ ਨੂੰ ਪਰਿਵਾਰ ਅਤੇ ਦੋਸਤਾਂ ਦੀ ਮਦਦ ਨਾਲ ਮਿਲਿਆ ਹੈ ।

ਅਮਰੀਕਾ ਦਾ ਬਿੱਗ ਬ੍ਰਦਰ ਰਿਐਲਟੀ ਸ਼ੇਅ ਡੱਚ ਰਿਐਲਿਟੀ ਸ਼ੋਅ ‘ਤੇ ਅਧਾਰਿਤ ਹੈ । ਜਿਸ ਨੂੰ 1997 ਵਿੱਚ ਬਣਾਇਆ ਗਿਆ ਸੀ । ਇਸ ਦਾ ਨਾਂ ਜਾਰਜ ਓਰਵੇਲ ਦੇ 1949 ਦੇ ਨਾਵਲ ‘ਨਾਈਨਟੀਨ ਏਟੀ-ਫੋਰ’ ਦੇ ਇੱਕ ਪਾਤਰ ਤੋਂ ਪ੍ਰੇਰਤ ਹੈ । ਅਮਰੀਕਾ ਵਿੱਚ ਸ਼ੋਅ ਦੀ ਸ਼ੁਰੂਆਤ 5 ਜੁਲਾਈ 2000 ਨੂੰ CBS ਚੈਨਲ ‘ਤੇ ਹੋਈ ਸੀ।