‘ਦ ਖ਼ਾਲਸ ਬਿਊਰੋ:- ਆਸਾਮ ਵਿਚ CAA ਅਤੇ NRC ਲਾਗੂ ਕੀਤੇ ਜਾਣ ਤੋਂ ਬਾਅਦ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਖੜ੍ਹੇ ਡੈਮੋਕ੍ਰੇਟਿਕ ਊਮੀਦਵਾਰ ਜੋਅ ਬਿਡੇਨ ਕਾਫੀ ਨਿਰਾਜ਼ਗੀ ਜਤਾਈ ਹੈ। ਜੋਅ ਬਿਡੇਨ ਦਾ ਕਹਿਣੈ ਕਿ ਭਾਰਤ ਕਸ਼ਮੀਰੀਆਂ ਦੇ ਹੱਕਾਂ ਦੀ ਬਹਾਲੀ ਲਈ ਲੋੜੀਂਦੇ ਕਦਮ ਚੁੱਕੇ।
ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਨੇ ਆਪਣੀ ਪ੍ਰਚਾਰਕ ਵੈੱਬਸਾਈਟ ’ਤੇ ਪੋਸਟ ਕੀਤੇ ਪਾਲਿਸੀ ਪੇਪਰ ਜਿਸ ਦਾ ਨਾਂ ‘ਜੋਅ ਬਿਡੇਨ ਦੇ ਮੁਸਲਿਮ-ਅਮਰੀਕੀ ਭਾਈਚਾਰੇ ਦੇ ਏਜੰਡੇ’ ਦੇ ਮੁਤਾਬਿਕ ‘‘ਇਹ ਕਦਮ (CAA ਅਤੇ NRC ) ਦੇਸ਼ ਦੀ ਲੰਬੇ ਸਮੇਂ ਦੀ ਧਰਮ-ਨਿਰਪੱਖਤਾ ਦੀ ਰਵਾਇਤ ਅਤੇ ਬਹੁ-ਨਸਲੀ ਤੇ ਬਹੁ-ਧਰਮੀ ਲੋਕਤੰਤਰ ਕਾਇਮ ਰੱਖਣ ਦੇ ਉਲਟ ਹੈ।’
ਅਮਰੀਕਾ ਵਸਦੇ ਭਾਰਤੀ-ਹਿੰਦੂ ਅਮਰੀਕੀਆਂ ਦੇ ਇੱਕ ਸਮੂਹ ਨੇ ਬਿਡੇਨ ਦੀ ਇਸ ਪ੍ਰਚਾਰ ਮੁਹਿੰਮ ਤੱਕ ਪਹੁੰਚ ਕੇ ਬਿਡੇਨ ਵੱਲੋਂ ਭਾਰਤ ਵਿਰੁੱਧ ਵਰਤੀ ਗਈ ਸ਼ਬਦਾਵਲੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।ਇਨ੍ਹਾਂ ਹੀ ਨਹੀਂ ਇਸ ਸਮੂਹ ਨੇ ਹਿੰਦੂ ਅਮਰੀਕੀਆਂ ਬਾਰੇ ਵੀ ਅਜਿਹੇ ਹੀ ਪਾਲਿਸੀ ਪੇਪਰ ਦੀ ਮੰਗ ਕੀਤੀ ਹੈ। ਪਰ ਬਿਡੇਨ ਦੀ ਪ੍ਰਚਾਰ ਟੀਮ ਨੇ ਸਮੂਹ ਨੂੰ ਅਜੇ ਤੱਕ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ।
ਉਪ-ਰਾਸ਼ਟਰਪਤੀ ਦੀ ਪਾਲਿਸੀ ਪੇਪਰ ਮੁਤਾਬਿਕ ਭਾਰਤ ਸਰਕਾਰ ਨੂੰ ਕਸ਼ਮੀਰੀ ਲੋਕਾਂ ਦੇ ਹੱਕਾਂ ਦੀ ਬਹਾਲੀ ਲਈ ਲੋੜੀਦੇ ਕਦਮ ਚੁੱਕੇ ਜਾਣ ਦੀ ਗੱਲ ਆਖੀ ਗਈ ਹੈ। ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਰੋਕਣਾ ਜਾਂ ਇੰਟਰਨੈਟ ਸੇਵਾਵਾਂ ਆਦਿ ਬੰਦ ਕਰਨਾ, ਇਹ ਸਭ ਕੁੱਝ ਲੋਕਤੰਤਰ ਨੂੰ ਕਮਜੋਰ ਕਰਦੇ ਹਨ।
ਇਸੇ ਦੌਰਾਨ ਹਿੰਦੂ ਅਮਰੀਕੀ ਪੁਲਿਟੀਕਲ ਐਕਸ਼ਨ ਕਮੇਟੀ ਦੇ ਬੋਰਡ ਮੈਂਬਰ ਰਿਸ਼ੀ ਭੁਟਾਡਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ‘‘ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਸਪਾਂਸਰਡ ਅੱਤਵਾਦ ਦਾ ਅਹਿਮ ਮੁੱਦਾ ਬਿਡੇਨ ਦੇ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਇਹ ਮੁੱਦਾ ਵੀ ਸ਼ਾਮਲ ਨਹੀਂ ਹੈ ਕਿ ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਦੀਆਂ ਸਤਾਈਆਂ ਹੋਈਆਂ ਧਾਰਮਿਕ ਘੱਟ ਗਿਣਤੀਆਂ ਦੇ ਕਰੀਬ 30,000 ਲੋਕਾਂ, ਜਿਨ੍ਹਾਂ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ, ਲਈ CAA ਕਿਵੇਂ ਮਦਦਗਾਰ ਸਾਬਤ ਹੋ ਰਿਹਾ ਹੈ।