‘ਦ ਖ਼ਾਲਸ ਬਿਊਰੋ:- ਗੁਰੂਘਰਾਂ ਦੇ ਪ੍ਰਬੰਧ ਨੂੰ ਲੈ ਕੇ ਹੁੰਦੇ ਘਪਲਿਆਂ ਬਾਰੇ ਸਮੇਂ-ਸਮੇਂ ‘ਤੇ ਖੁਲਾਸਾ ਹੁੰਦਾ ਰਹਿੰਦਾ ਹੈ। ਹੁਣ ਅਜਿਹਾ ਹੀ ਇੱਕ ਨਵਾਂ ਮਾਮਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ।  ਜਿੱਥੇ ਕਿ ਗੁਰੂਘਰ ਦੇ ਲੰਗਰ ਵਿੱਚ ਵਰਤੀ ਜਾਂਦੀ ਦਾਲ-ਸਬਜੀ ਵਿੱਚ ਕਥਿਤ ਤੌਰ ‘ਤੇ ਹੇਰਾਫੇਰੀ ਕੀਤੀ ਗਈ ਹੈ।

ਦਰਅਸਲ ਲੌਕਡਾਊਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਲੰਗਰਾਂ ‘ਚ ਬੇਸ਼ੱਕ ਸੰਗਤ ਦੀ ਆਮਦ ਬੰਦ ਹੋ ਚੁੱਕੀ ਸੀ ਪਰ ਲੱਖਾਂ ਰੁਪਏ ਦੀ ਸਬਜ਼ੀ ਦਾ ਆਉਣਾ ਜਾਰੀ ਸੀ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਚੀਫ ਇੰਸਪੈਕਟਰ ਦੀ ਅਗਵਾਈ ਵਿੱਚ ਅੱਧੀ ਦਰਜਨ ਅਧਿਕਾਰੀਆਂ ਦੀ ਟੀਮ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਮੁੱਢਲੇ ਤੌਰ ’ਤੇ ਲੱਖਾਂ ਰੁਪਏ ਦਾ ਸਬਜ਼ੀ ਘੁਟਾਲਾ ਸਾਹਮਣੇ ਆਉਣ ਦੇ ਸੰਕੇਤ ਮਿਲੇ ਹਨ, ਜਦਕਿ ਗੰਭੀਰਤਾ ਨਾਲ ਜਾਂਚ ਹੋਣ ’ਤੇ ਇਸ ਮਾਮਲੇ ਵਿੱਚ ਕਈ ਹੋਰ ਪਰਤਾਂ ਖੁੱਲਣ ਦੇ ਆਸਾਰ ਹਨ। ਇਸ ਕਰਕੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਅੱਧੀ ਦਰਜਨ ਮੁਲਾਜ਼ਮਾਂ ਤੇ ਇੰਸਪੈਕਟਰ ਖ਼ਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।

 

ਜਿਕਰਯੋਗ ਹੈ ਕਿ ਆਮ ਤੌਰ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ‘ਚ ਸ਼ਰਧਾਲੂਆਂ ਲਈ ਦਾਲ ਹੀ ਵਰਤਾਈ ਜਾਂਦੀ ਹੈ। ਜੇ ਕੋਈ ਖਾਸ ਦਿਨ ਹੋਵੇ ਤਾਂ ਦਾਲ ਦੇ ਨਾਲ ਮਿੱਠਾ ਜਾਂ ਕੋਈ ਹੋਰ ਸਬਜ਼ੀ ਬਣਦੀ ਹੈ ਪਰ 24 ਜੂਨ ਨੂੰ ਇੱਥੇ ਪਹੁੰਚੀ ਸ਼੍ਰੋਮਣੀ ਕਮੇਟੀ ਦੀ ਉੱਚ ਪੱਧਰੀ ਟੀਮ ਨੇ ਜਦੋਂ ਸਾਰੇ ਰਿਕਾਰਡ ਦੀ ਘੋਖ ਕੀਤੀ ਤਾਂ ਵੇਖਣ ਵਿੱਚ ਆਇਆ ਕਿ 1 ਅਪ੍ਰੈਲ ਤੋਂ ਲੈ ਕੇ 24 ਜੂਨ ਤੱਕ ਬੇਸ਼ੱਕ ਸੰਗਤ ਦੀ ਆਮਦ ਨਾ-ਮਾਤਰ ਹੀ ਰਹੀ ਪਰ ਲੰਗਰ ‘ਚ ਵਰਤਾਉਣ ਵਾਸਤੇ ਸ਼ਹਿਰ ਨੰਗਲ ਤੋਂ ਹਰੀਆਂ ਸਬਜ਼ੀਆਂ, ਜਿਨ੍ਹਾਂ ‘ਚ ਭਿੰਡੀਆਂ, ਸ਼ਿਮਲਾ ਮਿਰਚਾਂ, ਟੀਂਡੇ, ਕਰੇਲੇ, ਲਾਲ ਟਮਾਟਰ, ਆਲੂ, ਪਿਆਜ਼, ਘੀਆ, ਕੱਦੂ ਤੋਂ ਇਲਾਵਾ ਫਲ ਸੇਬ, ਕੇਲੇ, ਸੰਤਰੇ ਸਣੇ ਹੋਰ ਫਲਾਂ ਦਾ ਆਉਣਾ ਜਾਰੀ ਰਿਹਾ। ਜਿਸ ਕਰਕੇ ਉੱਚ ਪੱਧਰੀ ਟੀਮ ਨੂੰ ਇੱਥੇ ਹੋ ਰਹੇ ਵੱਡੇ ਸਬਜ਼ੀ ਘੁਟਾਲੇ ਦਾ ਸ਼ੱਕ ਹੋਇਆ। ਜਦੋਂ ਸਟੋਰਾਂ ਦੀ ਪੜਤਾਲ ਕੀਤੀ ਗਈ ਤਾਂ ਕਈ ਫਰਜ਼ੀ ਬਿੱਲ, ਫਾਲਤੂ ਸਾਮਾਨ ਬਰਾਮਦ ਹੋਇਆ। ਦੋ ਦਿਨ ਤੱਕ ਚੱਲੀ ਇਸ ਪੜਤਾਲ ਦੌਰਾਨ ਹੋਏ ਕਥਿਤ ਘਪਲੇ ਦੀ ਪੁਸ਼ਟੀ ਕਰਦਿਆਂ ਚੀਫ ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹ ਮੀਡੀਆ ‘ਚ ਰਿਕਾਰਡ ਨਸ਼ਰ ਨਹੀਂ ਕਰ ਸਕਦੇ ਪਰ ਜੋ ਰਿਪੋਰਟ ਬਣਾਈ ਗਈ ਹੈ, ਉਹ ਸੋਮਵਾਰ ਨੂੰ ਸਕੱਤਰ ਕੋਲ ਪੇਸ਼ ਕਰ ਦੇਣਗੇ।

 

ਦੋਸ਼ੀਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਮਗਰੋਂ ਨਿਯਮਾਂ ਅਨੁਸਾਰ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਕਿਹਾ ਕਿ ਸਬਜ਼ੀ ਖਰੀਦਣ ਲਈ ਲਿਖਤੀ ਹੁਕਮਾਂ ਦੇ ਨਾਲ ਸਟੋਰ ਵਾਲੇ ਮੁਲਾਜ਼ਮਾਂ ਦੇ ਨਾਲ ਇੱਕ ਮੈਨੇਜਰ ਪੱਧਰ ਦਾ ਅਧਿਕਾਰੀ ਤੇ ਇੱਕ ਇੰਸਪੈਕਟਰ ਨਾਲ ਜਾਂਦਾ ਸੀ। ਇਸ ਵਿੱਚ ਜੇ ਕੋਈ ਮੁਲਾਜ਼ਮ ਕਸੂਰਵਾਰ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਆਮ ਲੋਕਾਂ ਨੂੰ ਤਾਂ ਲੌਕਡਾਊਨ ਦੌਰਾਨ ਦਾਲ ਵੀ ਨਸੀਬ ਹੋਣੀ ਔਖੀ ਸੀ ਪਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਮੰਡੀਆਂ ਬੰਦ ਹੋਣ ਦੇ ਬਾਵਜੂਦ ਵੀ ਹਰ ਰੋਜ਼ ਲਿਆਂਦੀ ਗਈ ਹਰੀ ਸਬਜ਼ੀ ਦੇ ਨਾਲ-ਨਾਲ ਤਾਜ਼ੇ ਫਲ ਉਪਲੱਬਧ ਹੁੰਦੇ ਸਨ। ਗੁਰੂਘਰਾਂ ਦੇ ਪ੍ਰਬੰਧ ‘ਚ ਹੁੰਦੇ ਅਜਿਹੇ ਘਪਲੇ ਸ਼ਰਮਸਾਰ ਜ਼ਰੂਰ ਕਰਦੇ ਹਨ।