ਬਿਉਰੋ ਰਿਪੋਰਟ – ਕੌਮੀ ਪ੍ਰੀਖਿਆ ਏਜੰਸੀ (NTA) ਨੇ ਬੀਤੇ ਦਿਨ 24 ਅਪ੍ਰੈਲ ਨੂੰ ਸੰਯੁਕਤ ਪ੍ਰਵੇਸ਼ ਪ੍ਰੀਖਿਆ ਮੁੱਖ 2024 (JEE Main 2024) ਦੇ ਦੂਜੇ ਸੈਸ਼ਨ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਦੇ ਨਤੀਜੇ ਪ੍ਰੀਖਿਆ ਪੋਰਟਲ jeemain.nta.ac.in ’ਤੇ ਵੇਖੇ ਜਾ ਸਕਦੇ ਹਨ। ਇਸ ਵਾਰ 56 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ, ਇਨ੍ਹਾਂ ਵਿੱਚੋਂ 2 ਪੰਜਾਬ ਦੇ ਮੁੰਡੇ ਵੀ ਸ਼ਾਮਲ ਹਨ। ਇੱਕ ਵਿਦਿਆਰਥੀ ਚੰਡੀਗੜ੍ਹ ਦਾ ਵੀ ਹੈ, ਜਿਸ ਨੇ 100 ਫ਼ੀਸਦੀ ਨੰਬਰ ਹਾਸਲ ਕੀਤੇ ਹਨ।
ਪੰਜਾਬ ਦੇ ਵਿਦਿਆਰਥੀਆਂ ਵਿੱਚੋਂ ਇੱਕ ਜਲੰਧਰ ਦਾ ਰਚਿਤ ਅਗਰਵਾਲ ਤੇ ਦੂਜਾ ਆਦੇਸ਼ਵੀਰ ਸਿੰਘ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵੇਦਾਂਤ ਸੈਣੀ ਨੇ ਵੀ JEE ਦੀ ਮੁੱਖ ਪ੍ਰੀਖਿਆ ਵਿਚੋਂ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। 100 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ ਤੇਲੰਗਾਨਾ ਦੇ ਵਿਦਿਆਰਥੀ ਹਨ। ਸਿਰਫ਼ ਦੋ ਲੜਕੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਜੇਈਈ ਮੁੱਖ ਪ੍ਰੀਖਿਆ ਦੇ ਦੂਜੇ ਸੈਸ਼ਨ ਲਈ 10 ਲੱਖ ਤੋਂ ਵੱਧ ਉਮੀਦਵਾਰ ਬੈਠੇ ਸਨ। 12 ਲੱਖ ਉਮੀਦਵਾਰਾਂ ਨੇ ਪਰਚਾ ਭਰਿਆ ਸੀ। ਇਨ੍ਹਾਂ ਵਿੱਚੋਂ 100 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਤੇਲੰਗਾਨਾ ਦੇ 15, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਦੇ 7-7 ਤੇ ਦਿੱਲੀ ਦੇ 6 ਵਿਦਿਆਰਥੀ ਹਨ।
ਜਿਹੜੇ ਵਿਦਿਆਰਥੀ 4, 5, 6, 8 ਅਤੇ 9 ਅਪ੍ਰੈਲ 2024 ਨੂੰ NTA ਦੁਆਰਾ ਲਈ ਗਈ ਜੇਈਈ ਮੇਨ ਅਪ੍ਰੈਲ 2024 ਵਿੱਚ ਹਾਜ਼ਰ ਹੋਏ ਸਨ, ਉਹ ਪੋਰਟਲ ‘ਤੇ ਸਰਗਰਮ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਆਪਣਾ ਸਕੋਰ ਤੇ ਰੈਂਕ ਡਾਊਨਲੋਡ ਕਰ ਸਕਦੇ ਹਨ। ਇਸਦੇ ਲਈ ਵਿਦਿਆਰਥੀਆਂ ਨੂੰ ਆਪਣੀ ਅਰਜ਼ੀ ਨੰਬਰ ਤੇ ਜਨਮ ਮਿਤੀ ਦੇ ਵੇਰਵਿਆਂ ਦੇ ਨਾਲ ਨਤੀਜਾ ਪੇਜ ‘ਤੇ ਲੌਗਇਨ ਕਰਨਾ ਹੋਵੇਗਾ।
JEE Mains 2024 Session 2 ਦਾ ਨਤੀਜਾ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ-JEE Main 2024 Session 2 Result