Manoranjan Punjab

‘ਜੱਟ ਐਂਡ ਜੂਲੀਅਟ 3’ ਦੀ ਪ੍ਰਮੋਸ਼ਨ ਲਈ ਮੁਹਾਲੀ ਪੁੱਜੇ ਦਿਲਜੀਤ ਦੁਸਾਂਝ! “ਮੈਂ ਦੁਨੀਆ ’ਚ ਜਿੱਥੇ ਵੀ ਜਾਵਾਂ, ਪੰਜਾਬ ਮੇਰੇ ਨਾਲ ਹੁੰਦਾ”

ਬਿਊਰੋ ਰਿਪੋਰਟ (ਮੁਹਾਲੀ): ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ਜੱਟ ਐਂਡ ਜੂਲੀਅਟ 3 ਜੀ ਪਰਮੋਸ਼ਨ ਲਈ ਮੁਹਾਲੀ ਪਹੁੰਚੇ। ਸੁਪਰ ਸਟਾਰ ਦਿਲਜੀਤ ਦੁਸਾਂਝ ਨੂੰ ਵੇਖਣ ਲਈ ਹਰ ਕੋਈ ਉਤਸੁਕਤਾ ਨਾਲ ਇੰਤਜ਼ਾਰ ਕਰਦਾ ਨਜ਼ਰ ਆਇਆ। ਪੰਜਾਬ ਦੀ ਧਰਤੀ ’ਤੇ ਪਹੁੰਚਦਿਆਂ ਦਿਲਜੀਤ ਨੇ ਕਿਹਾ, “ਮੈਂ ਦੁਨੀਆ ਵਿੱਚ ਜਿੱਥੇ ਵੀ ਜਾਵਾਂ, ਪੰਜਾਬ ਮੇਰੇ ਨਾਲ ਹੁੰਦਾ ਹੈ। ਪੰਜਾਬ ਤਾਂ ਮੇਰੀਆਂ ਜੜ੍ਹਾਂ ’ਚ ਹੈ।”

ਪ੍ਰੈਸ ਕਾਨਫਰੰਸ ਦੌਰਾਨ ਦਿਲਜੀਤ ਨੇ ਕਿਹਾ ਕਿ ਜਿਹੜੀ ਮਿੱਟੀ ਮੈਂ ਹਾਂ, ਉਹ ਪੰਜਾਬ ਦੀ ਹੈ। ਇੰਨਾ ਹੀ ਨਹੀਂ, ਦਿਲਜੀਤ ਨੇ ਇਹ ਵੀ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ, ਇੱਥੋਂ ਐਨਰਜੀ ਲੈ ਕੇ ਜਾਂਦੇ ਹਨ। ਪ੍ਰਸਿੱਧ ਜਿੰਮੀ ਫੈਲਨ ਸ਼ੋਅ ਵਿੱਚ ਵੀ ਦੁਸਾਂਝਾਂ ਵਾਲੇ ਨੇ ਕਿਹਾ ਸੀ ਕਿ ਪੰਜਾਬੀ ਭਾਸ਼ਾ ਕਰਕੇ ਹੀ ਉਹ ਇਸ ਮੁਕਾਮ ਤੱਕ ਪਹੁੰਚੇ ਹਨ। ਜਿੰਮੀ ਫੈਲਨ ਦੇ ਸ਼ੋਅ ਵਿੱਚ ਜਾਣ ’ਤੇ ਦਿਲਜੀਤ ਨੇ ਮਾਣ ਵੀ ਮਹਿਸੂਸ ਕੀਤਾ।

ਇਸ ਮੌਕੇ ਦਿਲਜੀਤ ਦੁਸਾਂਝ ਨੇ ਸੀਨੀਅਰ ਕਲਾਕਾਰ ਬੀਐਮ ਸ਼ਰਮਾ ਦੀ ਤਾਰੀਫ਼ ਕੀਤੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕੋਸਟਾਰ ਜਸਵਿੰਦਰ ਭੱਲਾ ਜੀ ਨੂੰ ਬੇਹੱਦ ਯਾਦ ਕਰਦੇ ਹਨ। ਦੱਸ ਦੇਈਏ ਜਸਵਿੰਦਰ ਭੱਲਾ ਖ਼ਰਾਬ ਸਿਹਤ ਦੀ ਵਜ੍ਹਾ ਕਰਕੇ ਇਸ ਫ਼ਿਲਮ ਦਾ ਹਿੱਸਾ ਨਹੀਂ ਬਣ ਸਕੇ ਹਨ।

ਇਸ ਦੌਰਾਨ ਪੰਜਾਬੀ ਇੰਡਸਟਰੀ ਦੀ ਕਵੀਨ ਨੀਰੂ ਬਾਜਵਾ ਨੇ ਦਿਲਜੀਤ ਦੀ ਕਾਫੀ ਤਾਰੀਫ਼ ਕੀਤੀ। ਨੀਰੂ ਨੇ ਦਿਲਜੀਤ ਦੇ ਕਾਨਸਰਟ ਵਿੱਚ ਜਾਣ ਜਾ ਇੱਕ ਕਿੱਸਾ ਸਾਂਝਾ ਕੀਤਾ ਕਿ ਉਨ੍ਹਾਂ ਨੇ ਇੰਨੀ ਦੇਰ ਬਾਅਦ ਕਿਸੇ ਸ਼ੋਅ ਦਾ ਏਨਾ ਆਨੰਦ ਮਾਣਿਆ ਸੀ ਤੇ ਦਿਲਜੀਤ ਦੀ ਪ੍ਰਫ਼ਾਰਮੈਂਸ ਵੇਖ ਕੇ ਉਹ ਭਾਵੁਕ ਵੀ ਹੋ ਗਏ ਸਨ।

ਨੀਰੂ ਬਾਜਵਾ ਨੇ ਪਿਆਰ ਵਿੱਚ ਹੁੰਦੀ ਨੋਕ-ਜੋਕ ਨੂੰ ਲੈ ਕੇ ਵੀ ਆਪਣੀ ਨਿੱਜੀ ਜ਼ਿੰਦਗੀ ਦਾ ਇੱਕ ਹੋਰ ਕਿੱਸਾ ਸਾਂਝਾ ਕਰਕੇ ਖ਼ੂਬ ਹਸਾਇਆ। ਉਨ੍ਹਾਂ ਕਿਹਾ ਕਿ ਪਿਆਰ ’ਚ ਹੁੰਦੀ ਨੋਕ-ਝੋਕ ਜਾਂ ਲੜਾਈ ਨਾਲ ਪਿਆਰ ’ਚ ਵਾਧਾ ਹੀ ਹੁੰਦਾ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਜੈਸਮੀਨ ਬਾਜਵਾ ਅਤੇ ਫ਼ਿਲਮ ਦੇ ਪ੍ਰੋਡਿਊਸਰਜ਼ ਵ੍ਹਾਈਟ ਹਿੱਲਜ਼ ਤੇ ਸਪੀਡ ਰਿਕਾਰਡਜ਼ ਵੀ ਮੌਜੂਦ ਸਨ। ਜੈਸਮੀਨ ਨੇ ਵੀ ਦਿਲਜੀਤ ਤੇ ਨੀਰੂ ਬਾਜਵਾ ਨਾਲ ਕੰਮ ਕਰਕੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੀ ਤਾਰੀਫ਼ ਕੀਤੀ।

ਸਾਰੇ ਦਰਸ਼ਕਾਂ ਨੂੰ ਫ਼ਿਲਮ ‘ਜੱਟ ਐਂਡ ਜੂਲੀਅਟ 3’ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜੋ 27 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ – ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਯੋਗ ਆਸਣ ਕਰਨ ਵਾਲੀ ਲੜਕੀ ਖ਼ਿਲਾਫ਼ ਸ਼ਿਕਾਇਤ ਦਰਜ, 3 ਸੇਵਾਦਾਰਾਂ ਖ਼ਿਲਾਫ਼ ਕਾਰਵਾਈ