‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਅਰਦਾਸ ਵਿੱਚ ਸਿੱਖ ਕੌਮ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਲਈ ਪਰਮਾਤਮਾ ਅੱਗੇ ਬਿਨਤੀ ਕਰਨ ਵਾਲੀਆਂ ਪੰਕਤੀਆਂ ਨੂੰ ਸ਼ਾਮਿਲ ਕਰਨ ਦੇ ਇਤਿਹਾਸ ਬਾਰੇ ਸਿੱਖ ਸੰਗਤ ਨੂੰ ਦੱਸਿਆ। ਜਥੇਦਾਰ ਨੇ ਦੱਸਿਆ ਕਿ 1947 ਵਿੱਚ ਜਦੋਂ ਮੁਲਕ ਦੀ ਵੰਡ ਹੋਈ ਉਦੋਂ ਸਿੱਖਾਂ ਨੂੰ ਜਾਨੀ ਨੁਕਸਾਨ ਦੇ ਨਾਲ-ਨਾਲ ਮਾਲੀ ਨੁਕਸਾਨ ਉਠਾਉਣਾ ਪਿਆ ਸੀ। ਪਾਕਿਸਤਾਨ ਵਿੱਚ ਵੱਡੀ ਤਾਦਾਦ ਵਿੱਚ ਗੁਰਦੁਆਰਾ ਸਾਹਿਬਾਨ ਰਹਿ ਗਏ ਸਨ। ਸਾਲ 1948 ਵਿੱਚ ਹੀ ਪੰਥ ਵਿੱਚ ਇਹ ਮੰਗ ਉੱਠਣ ਲੱਗ ਪਈ ਸੀ ਕਿ ਨਨਕਾਣਾ ਸਾਹਿਬ ਸਮੇਤ ਬਾਕੀ ਗੁਰਧਾਮਾਂ ਦੇ ਦਰਸ਼ਨਾਂ ਤੋਂ ਅਸੀਂ ਵਾਂਝੇ ਹੋ ਗਏ ਹਾਂ, ਇਸ ਲਈ ਅਰਦਾਸ ਵਿੱਚ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ, ਗੁਰਧਾਮਾਂ ਦੇ ਦਰਸ਼ਨ ਦੀਦਾਰ ਬਖਸ਼ਣ ਵਾਲੀਆਂ ਪੰਕਤੀਆਂ ਸ਼ਾਮਿਲ ਕੀਤੀਆਂ ਜਾਣ ਤਾਂ ਜੋ ਪਰਮਾਤਮਾ ਅੱਗੇ ਰੋਜ਼ਾਨਾ ਇਹ ਅਰਦਾਸ ਬਿਨਤੀ ਹੋ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਚਿੰਤਕਾਂ, ਵਿਦਵਾਨਾਂ ਨੂੰ ਕਿਹਾ ਸੀ ਕਿ ਕੋਈ ਇਸ ਤਰ੍ਹਾਂ ਦੀ ਖੂਬਸੂਰਤ ਡਰਾਫਟਿੰਗ ਤਿਆਰ ਕੀਤੀ ਜਾਵੇ, ਜੋ ਅਰਦਾਸ ਵਿੱਚ ਸ਼ਾਮਿਲ ਕੀਤੀ ਜਾਵੇ।
ਜਥੇਦਾਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿੱਚ ਸਰਵਿਸ ਕਰਦੇ ਜੋਗਿੰਦਰ ਸਿੰਘ ਬਸੀਨ ਨੇ ਇਹ ਪੰਕਤੀਆਂ ਲਿਖੀਆਂ ਸਨ। 25 ਜਨਵਰੀ 1952 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮਨਾਮਾ ਹੋਇਆ ਸੀ ਕਿ ਅਰਦਾਸ ਵਿੱਚ ਇਹ ਸ਼ਬਦ ਸ਼ਾਮਿਲ ਸਮਝੇ ਜਾਣ ਕਿ “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ।। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖ਼ਾਲਸਾ ਜੀ ਨੂੰ ਬਖਸ਼ੋ।।”
ਅੱਜ ਦੇ ਦਿਨ 1921 ਨੂੰ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦਾ ਪ੍ਰਬੰਧ ਖ਼ਾਲਸੇ ਨੇ ਆਪਣੇ ਹੱਥਾਂ ਵਿੱਚ ਲਿਆ ਸੀ। ਇਸ ਜੱਦੋ ਜਹਿਦ ਵਿੱਚ ਦੋ ਸ਼ਹੀਦੀਆਂ ਵੀ ਹੋਈਆਂ, ਜਿਸ ਵਿੱਚ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਜੀ ਸ਼ਾਮਿਲ ਸਨ। ਗੁਰਦੁਆਰਾ ਸੁਧਾਰ ਲਹਿਰ ਦੇ ਇਹ ਦੋਵੇਂ ਪਹਿਲੇ ਸ਼ਹੀਦ ਹਨ। ਅੱਜ ਦਿਨ ਬਹੁਤ ਇਤਿਹਾਸਕ ਹੈ।