‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਦੇ ਬੰਦ ਹੋਣ ਨੂੰ ਇੱਕ ਸਾਲ ਪੂਰਾ ਹੋਣ ‘ਤੇ ਕੇਂਦਰ ਸਰਕਾਰ ਨੂੰ ਲਾਂਘਾ ਤੁਰੰਤ ਖੋਲ੍ਹਣ ਦੀ ਅਪੀਲ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ 16 ਮਾਰਚ ਨੂੰ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰ ਦਿੱਤਾ ਸੀ। ਹੌਲੀ-ਹੌਲੀ ਹਾਲਾਤ ਸੁਧਰਨੇ ਸ਼ੁਰੂ ਹੋਏ ਅਤੇ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਕੁੱਝ ਮਹੀਨਿਆਂ ਬਾਅਦ ਮੁੜ ਖੋਲ੍ਹ ਦਿੱਤਾ। ਪਰ ਭਾਰਤ ਵਾਲੇ ਪਾਸਿਉਂ ਅੱਜ ਇੱਕ ਸਾਲ ਬੀਤ ਜਾਣ ‘ਤੇ ਵੀ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ ਗਿਆ। ਸਿੱਖ ਸੰਗਤ, ਸਿੱਖ ਹਸਤੀਆਂ ਨੇ ਲਗਾਤਾਰ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਹੈ।
ਜਥੇਦਾਰ ਨੇ ਕਿਹਾ ਕਿ ਹੁਣ ਜਦੋਂ ਸਮੁੱਚੇ ਦੇਸ਼ ਅੰਦਰ ਧਾਰਮਿਕ ਅਸਥਾਨ ਖੁੱਲ ਗਏ ਹਨ ਅਤੇ ਦੇਸ਼ ਦੇ ਲੋਕ ਆਪੋ-ਆਪਣੇ ਧਰਮਾਂ ਅਨੁਸਾਰ ਆਪਣੇ ਤਿੱਥ, ਤਿਉਹਾਰ ਵੀ ਮਨਾ ਰਹੇ ਹਨ ਤਾਂ ਸਰਕਾਰ ਨੂੰ ਕਰਤਾਰਪੁਰ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਹੈ। ਇੱਕ ਸਾਲ ਬਾਅਦ ਵੀ ਕਰਤਾਰਪੁਰ ਲਾਂਘਾ ਨਾ ਖੋਲ੍ਹਣਾ ਭਾਰਤ ਸਰਕਾਰ ਦੀ ਬਦਨੀਤੀ ਹੈ। ਸਰਕਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਕੋਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਕਰਤਾਰਪੁਰ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ। ਇਹ ਸਿੱਖਾਂ ਦੀ ਮਾਨਸਿਕਤਾ ਦੇ ਨਾਲ ਜੁੜਿਆ ਮਸਲਾ ਹੈ। ਭਾਵੇਂ 50 ਜਾਂ 100 ਸਿੱਖਾਂ ਨੂੰ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ, ਪਰ ਕਰਤਾਰਪੁਰ ਲਾਂਘਾ ਖੋਲ੍ਹ ਕੇ ਸਿੱਖ ਸੰਗਤ ਨੂੰ ਦਰਸ਼ਨ-ਦੀਦਾਰੇ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।