‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਅਯੁੱਧਿਆ ਰਾਮ ਮੰਦਿਰ ਦੇ ਉਦਘਾਟਨ ਵਿੱਚ ਸ਼ਾਮਿਲ ਹੋਣ ਜਾਂ ਨਾ ਹੋਣ ‘ਤੇ ਕਾਫੀ ਚਰਚਾ ਚੱਲ ਰਹੀ ਸੀ ਅਤੇ ਹੁਣ ਖਬਰ ਮਿਲ ਰਹੀ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਲਿਆ ਹੈ। ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ ‘ਤੇ ਨਾਮੀ ਸਿੱਖਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਸਿੱਖ ਇਤਿਹਾਸ ਦੇ ਖੋਜਕਾਰ ਡਾ.ਸੁਖਪ੍ਰੀਤ ਸਿੰਘ ਉਦੋਕੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਧਰਮ ਜਾਂ ਦੇਸ਼ ਦੇ ਹਿੱਤਾਂ ਵਿੱਚੋਂ ਜਥੇਦਾਰ ਲਈ ਕਿਹੜੇ ਹਿੱਤ ਪਹਿਲਾਂ ਹੋਣੇ ਚਾਹੀਦੇ ਹਨ, ਉਨ੍ਹਾਂ ਬਾਰੇ ਦੱਸਿਆ ਹੈ। ਸੁਖਪ੍ਰੀਤ ਸਿੰਘ ਉਧੋਕੇ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅੰਗਰੇਜ਼ੀ ਸਰਕਾਰ ਨਾਲ ਕੁੱਝ ਰਿਆਸਤੀ ਮਤਭੇਦਾਂ ਕਰਕੇ ਜੀਂਦ ਦੇ ਸ਼ਹਿਜ਼ਾਦੇ ਪ੍ਰਤਾਪ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ ਅਕਾਲੀ ਫੂਲਾ ਸਿੰਘ ਜੀ ਕੋਲ ਪਨਾਹ ਲਈ। ਅੰਗਰੇਜ਼ਾਂ ਨੇ ਸ਼ੇਰੇ ਪੰਜਾਬ ਨੂੰ ਲਿਖਿਆ ਕਿ ਤੁਹਾਡੀ ਅਤੇ ਸਾਡੀ ਸੰਧੀ ਹੈ, ਪਰ ਤੁਹਾਡੇ ਜਥੇਦਾਰ ਨੇ ਸਾਡੇ ਬਾਗੀ ਨੂੰ ਪਨਾਹ ਦਿੱਤੀ ਹੈ। ਸ਼ੇਰੇ ਪੰਜਾਬ ਨੇ ਕਿਸੇ ਕਾਰਵਾਈ ਤੋਂ ਪਹਿਲਾਂ ਅਕਾਲੀ ਜੀ ਵੱਲ ਸੁਨੇਹਾ ਭੇਜਿਆ ਤਾਂ ਅਕਾਲੀ ਜੀ ਨੇ ਜਵਾਬ ਦਿੱਤਾ,” ਰਾਜਨੀਤਕ ਹਿੱਤਾਂ ਨਾਲੋਂ ਧਰਮ ਦੇ ਅਸੂਲ ਬਹੁਤ ਉਚੇਰੇ ਹਨ। ਸ਼ਰਨ ਆਏ ਨੂੰ ਕੰਠ ਲਾਉਣਾ ਧਰਮ ਦਾ ਪ੍ਰਣ ਹੈ। ਜੇ ਰਾਜਨੀਤਕ ਹਿੱਤ ਉਚੇਰੇ ਨੇ ਤਾਂ ਟਾਕਰਾ ਮੈਦਾਨ ਏ ਜੰਗ ਵਿੱਚ ਹੋਵੇਗਾ।”
ਬਾਬਰੀ ਮਸਜ਼ਿਦ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਨਾ ਕਰਕੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੇ ਧਾਰਮਿਕ ਫ਼ਰਜ਼ ਦੀ ਪਾਲਣਾ ਕੀਤੀ ਹੈ। ਕੁੱਝ ਭਗਵੇਂ ਵਿਦਵਾਨਾਂ ਦਾ ਵਿਚਾਰ ਹੈ ਕਿ ਉਨ੍ਹਾਂ ਦਾ ਜਾਣਾ ਦੇਸ਼ ਦੇ ਹਿੱਤ ਵਿੱਚ ਹੈ ਤਾਂ ਉਹਨਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਦੇਸ਼ ਦੇ ਹਿੱਤ ਤਾਂ ਹੀ ਸੁਰੱਖਿਅਤ ਹਨ ਜੇਕਰ ਦੇਸ਼ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਹੋਵੇ। ਸਿੱਖ ਨਾ ਤਾਂ ਕਿਸੇ ਦਾ ਧਰਮ ਅਸਥਾਨ ਢਾਹੁਣ ਦੇ ਹੱਕ ਵਿੱਚ ਹਨ ਅਤੇ ਨਾ ਹੀ ਕਿਸੇ ਦਾ ਢਾਹ ਕੇ ਆਪਣਾ ਉਸਾਰਨ ਦੇ ਹੱਕ ਵਿੱਚ ਹਨ।
ਜੇਕਰ ਇਹਨਾਂ ਫਿਰਕੂ ਨੀਤੀਆਂ ਨੂੰ ਲੈ ਕੇ ਅਤੀਤ ਵੱਲ ਹੀ ਕਦਮ ਪੁੱਟਣੇ ਹਨ ਤਾਂ ਸਭ ਤੋਂ ਪਹਿਲਾਂ ਬੋਧੀਆਂ ਦੇ ਢਾਹੇ ਗਏ ਮੱਠ ਸਥਾਪਤ ਕਰੋ ਜਿਹੜੇ ਤੁਹਾਡੇ ਵਡੇਰੇ ਸਨਾਤਨ ਧਰਮੀਆਂ ਨੇ ਢਾਹੇ ਸਨ। ਖ਼ੈਰ! ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡਾ ਫੈਸਲਾ ਦਰੁਸਤ ਹੈ ਪਰ ਅਜੇ ਇਹ ਪਾਉੜੀ ਦਾ ਪਹਿਲਾ ਡੰਡਾ ਹੈ, ਅਕਾਲੀ ਫੂਲਾ ਸਿੰਘ ਤੱਕ ਦਾ ਸਫ਼ਰ ਬਹੁਤ ਲੰਮਾ ਹੈ। ਹੌਂਸਲਾ ਤੇ ਸਮਰਪਣ ਰੱਖੋਗੇ ਤਾਂ ਇਤਿਹਾਸ ਯਾਦ ਰੱਖੇਗਾ।ਡਾ:ਸੁਖਪ੍ਰੀਤ ਸਿੰਘ ਉਦੋਕੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਯੁੱਧਿਆ ‘ਚ 5 ਅਗਸਤ ਨੂੰ ਹੋਣ ਵਾਲੇ ਰਾਮ ਮੰਦਿਰ ਨਿਰਮਾਣ ਲਈ ਸੱਦਾ ਦਿੱਤਾ ਗਿਆ ਸੀ ਪਰ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਆਗੂਆਂ ਨੇ ਉਨ੍ਹਾਂ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਸੀ ਕਿ ਪੰਜ ਅਗਸਤ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਅਯੁੱਧਿਆ ਵਿੱਚ ਕੀਤੇ ਜਾਣ ਵਾਲੇ ਸਮਾਗਮ ਵਿੱਚ ਉਹ ਸ਼ਾਮਲ ਨਾ ਹੋਣ।