Punjab

ਕੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਜਾ ਰਿਹਾ ਹੈ ਪੱਕਾ ਜਥੇਦਾਰ ? ਜਾਣੋ ਵਜ੍ਹਾ

ਬਿਊਰੋ ਰਿਪੋਰਟ : AAP MP ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਨੇ ਵੀਰਵਾਰ ਨੂੰ ਆਪਣੀ ਮੰਗਣੀ ਦੇ 5 ਦਿਨ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਫੋਟੋਆਂ ਸਾਂਝੀਆਂ ਕੀਤੀਆਂ, ਜੋ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਬਾਰੇ ਸ਼ੁਰੂ ਹੋਈ ਤਿੱਖੀ ਚਰਚਾ ਨਾਲ ਜੁੜਦੀਆਂ ਨੇ, ਹਾਲਾਂਕਿ ਰਾਘਵ ਚੱਢਾ ਨੇ ਫੋਟੋ ਸ਼ੇਅਰ ਕਰਦੇ ਹੋਏ ਸਿਰਫ ਇਹ ਹੀ ਲਿਖਿਆ ਹੈ ਕਿ ‘ਜਥੇਦਾਰ ਸਾਹਿਬ ਵੱਲੋਂ ਸਗਾਈ ਮੌਕੇ ਮਿਲਿਆ ਅਸ਼ੀਰਵਾਦ ਅਤੇ ਮੌਜੂਦਗੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ’

ਵਲਟੋਹਾ ਨੇ ਚੁੱਕੀ ਸੀ ਆਵਾਜ਼

ਪਰ ਇਹ ਤਸਵੀਰਾਂ ਸਾਂਝੀਆਂ ਕਰਨ ਦਾ ਸਮਾਂ ਇੰਨੀ ਦੇਰੀ ਨਾਲ ਯਾਨਿ ਕਿ 5 ਦਿਨ ਬਾਅਦ ਹੀ ਕਿਉਂ ਮਿਲਿਆ, ਸਵਾਲ ਚੁੱਕਣ ਵਾਲੇ ਇਸ ‘ਤੇ ਵੀ ਸਵਾਲ ਚੁੱਕ ਲੈਣਗੇ,ਦਰਅਸਲ ਆਪ MP ਰਾਘਵ ਚੱਢਾ ਦੀ ਸਗਾਈ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਦੀ ਮੌਜੂਦਗੀ ਨੇ SGPC ਅਤੇ ਅਕਾਲੀ ਦਲ ਦੋਵਾਂ ਨੂੰ ਹੈਰਾਨ ਅਤੇ ਨਰਾਜ਼ ਕਰ ਦਿੱਤਾ ਸੀ। ਜਿਸ ਤੋਂ ਬਾਅਦ ਧਾਰਮਿਕ, ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਸਿੱਖ ਵੀ ਜਥੇਦਾਰ ਦੇ ਇਸ ਕਦਮ ਨੂੰ ਚਿੱਥਣ ਲੱਗੇ ਸਨ, 3-4 ਦਿਨ ਲਗਾਤਾਰ ਚਰਚਾ ਹੁੰਦੀ ਰਹੀ ਤੇ ਇਸ ਚਰਚਾ ਦਾ ਸਿਖਰ ਉਦੋਂ ਹੋਇਆ, ਜਦੋਂ ਜਥੇਦਾਰ ਸਾਹਿਬ ਦੇ ਬਦਲੇ ਜਾਣ ਦੀ ਚਰਚਾ ਗਰਮੀ ਫੜ ਗਈ ਹੈ। ਹੁਣ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਰੋਸੋਮੰਦ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਸ਼ਾਇਦ ਕੱਲ ਨੂੰ ਹੋਣ ਵਾਲੀ SGPC ਦੀ ਅੰਤਰਿੰਗ ਕਮੇਟੀ ਦੀ ਬੈਠਕ ਵਿਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲੇ ਜਾਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਇਸ਼ਾਰਾ ਉਸ ਵੇਲੇ ਹੀ ਮਿਲ ਗਿਆ ਸੀ, ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਸਾਹਿਬ ਦੀ ਰਾਘਵ ਚੱਢਾ ਦੀ ਮੰਗਨੀ ਵਿੱਚ ਮੌਜੂਦਗੀ ਨੂੰ ਲੈਕੇ ਅਗਲੇ ਦਿਨ ਹੀ ਸਵਾਲ ਚੁੱਕ ਦਿੱਤੇ ਸਨ। ਇੱਕ ਅਕਾਲੀ ਲੀਡਰ ਦਾ ਜਥੇਦਾਰ ਬਾਰੇ ਬੇਬਾਕੀ ਨਾਲ ਬੋਲਣਾ ਕਈ ਸੰਕੇਤ ਦਿੰਦਾ ਹੈ। ਵਲਟੋਹਾ ਨੇ ਮਰਿਆਦਾ ਦਾ ਹਵਾਲਾ ਵੀ ਦਿੱਤਾ ਸੀ। ਹਾਲਾਂਕਿ ਉਸ ਵੇਲੇ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਇਹ ਵਲਟੋਹਾ ਦਾ ਨਿੱਜੀ ਬਿਆਨ ਹੋ ਸਕਦਾ ਹੈ, ਪਰ ਅੰਦਰਖਾਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਜਥੇਦਾਰ ਹਰਪ੍ਰੀਤ ਸਿੰਘ ਤੋਂ ਰਾਘਵ ਚੱਢਾ ਦੀ ਮੰਗਣੀ ਵਿੱਚ ਸ਼ਮੂਲੀਅਤ ਤੋਂ ਰੁੱਸੇ-ਰੁੱਸੇ ਜਾਪਦੇ ਹਨ।

ਸਿੱਖ ਜਥੇਬੰਦੀਆਂ ਨੇ ਵੀ ਚੁੱਕੇ ਸਨ ਸਵਾਲ

ਇਕੱਲੀ ਕਮੇਟੀ ਜਾਂ ਅਕਾਲੀ ਦਲ ਹੀ ਨਹੀਂ ਬਲਕਿ ਹਰ ਪਾਰਟੀ ਨਾਲ ਸਬੰਧਿਤ ਸ਼ਰਧਾਵਾਨ ਸਿੱਖਾਂ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ,ਖਾਸ ਕਰਕੇ ਉਸ ਸਮੇਂ ਦਰਮਿਆਨ,ਜਦੋਂ ਅੰਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਕਾਰਵਾਈ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਹੋਈ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ‘ਤੇ ਪੰਜਾਬ ਸਰਕਾਰ ਨੂੰ ਘੇਰਿਆ। ਦੂਜੇ ਪਾਸੇ ਪੰਜਾਬ ਦੀ ਸੀਐਮ ਨੇ ਜਥੇਦਾਰ ਦੀ ਗਰਿਮਾ ਦੀ ਪਰਵਾਹ ਕੀਤੇ ਬਿਨਾਂ ਜਥੇਦਾਰ ਤੇ ਵੱਡੇ ਇਲਜ਼ਾਮ ਲਾਏ, ਅਜਿਹੇ ਵਿੱਚ ਰਾਘਵ ਚੱਢਾ ਦੀ ਮੰਗਣੀ ‘ਤੇ ਜਾਣ ਦਾ ਫੈਸਲਾ ਕੁਝ ਲੋਕਾਂ ਨੂੰ ਠੀਕ ਨਹੀਂ ਜਾਪਿਆ, ਜਦਕਿ ਸੀਐਮ ਤੇ ਜਥੇਦਾਰ ਦੀ ਟੀਕਾ ਟਿੱਪਣੀ ਵਿਚਾਲੇ ਚੱਢਾ ਨੇ ਇੱਕ ਵੀ ਟਵੀਟ ਜਥੇਦਾਰ ਦੀ ਗਰਿਮਾ ਤੇ ਸਤਿਕਾਰ ਨੂੰ ਲੈ ਕੇ ਨਹੀਂ ਕੀਤਾ ਸੀ, ਸੋਸ਼ਲ ਮੀਡੀਆ ‘ਤੇ ਇਸ ਮਸਲੇ ਨੂੰ ਲੈਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਕਾਫੀ ਸਵਾਲ ਵੀ ਉੱਠੇ, ਹਾਲੇ ਤੱਕ ਚਰਚਾ ਚੱਲ ਹੀ ਰਹੀ ਹੈ, ਦਲ ਖਾਲਸਾ ਨੇ ਵੀ ਪਿਛਲੇ ਦਿਨੀਂ SGPC ਨੂੰ ਜਥੇਦਾਰਾਂ ਦੀ ਨਿਯੁਕਤੀ ‘ਤੇ ਕਾਰਜ ਪ੍ਰਣਾਲੀ ਬਾਰੇ ਖਾਸ ਪ੍ਰਬੰਧ ਬਣਾਏ ਜਾਣ ਦੀ ਮੰਗ ਕੀਤੀ ਸੀ।

ਜਥੇਦਾਰ ਦੇ ਫੈਸਲਿਆਂ ਤੋਂ ਕੌਣ ਨਰਾਜ਼ ਸੀ ?

ਇਸ ਦਰਮਿਆਨ ਜਿਹੜੀ ਜਥੇਦਾਰ ਨੂੰ ਰਾਘਵ ਦੀ ਮੰਗਣੀ ‘ਤੇ ਜਾਣ ਦੀ ਗੱਲ ਨੂੰ ਆਧਾਰ ਬਣਾਕੇ ਵੱਡੇ ਅਹੁਦੇ ਦੀ ਸੇਵਾ ਵਾਪਸ ਲਏ ਜਾਣ ਦੀ ਜਿਹੜੀ ਚਰਚਾ ਚੱਲ ਰਹੀ ਹੈ ਤਾਂ ਸਵਾਲ ਉੱਠਦੈ ਕਿ ਕੀ ਮੰਗਣੀ ‘ਚ ਸ਼ਮੂਲੀਅਤ ਹੀ ਜਥੇਦਾਰ ਨੂੰ ਲਾਂਭੇ ਕੀਤੇ ਜਾਣ ਦਾ ਕਾਰਨ ਹੋ ਸਕਦਾ ਹੈ ਜਾਂ ਫਿਰ ਇਸ ਗੱਲ ਨੂੰ ਸਿਰਫ ਬਹਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਜਥੇਦਾਰ ਸਾਹਿਬ ਨਾਲ ਖਿੱਚੋਤਾਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਇਸਤੋਂ ਪਹਿਲਾਂ SGPC ਨੂੰ ਆਪਣਾ ਵੱਖਰਾ ਚੈਨਲ ਬਣਾਏ ਜਾਣ ਦਾ SGPC ਨੂੰ ਹੁਕਮ ਹੋਵੇ ਜਾਂ ਹਰਿਆਣਾ ਦੀ ਵੱਖਰੀ ਕਮੇਟੀ ਮੌਕੇ ਜਥੇਦਾਰ ਵੱਲੋਂ ਨਿਭਾਈ ਗਈ ਢਿੱਲੀ ਭੂਮਿਕਾ ਹੋਵੇ, ਤੇ ਹੋਰ ਕਈ ਅਜਿਹੇ ਮੌਕੇ, ਜੋ ਅਕਾਲੀ ਦਲ ਨੂੰ ਬਹੁਤੇ ਜਚੇ ਨਹੀਂ ਸਨ।

ਹੁਣ ਤੁਸੀਂ ਸੋਚੋਗੇ ਕਿ ਫਿਰ ਉਦੋਂ ਕਿਉਂ ਨਹੀਂ ਹਟਾਇਆ ਗਿਆ ਸੀ, ਉਹਦਾ ਮੁੱਖ ਕਾਰਨ ਕਹਿ ਸਕਦੇ ਹਾਂ ਕਿ ਜੇ ਪਹਿਲਾਂ ਵਾਲੇ ਕਾਰਨਾਂ ਕਰਕੇ ਜਥੇਦਾਰ ਨੂੰ ਲਾਂਭੇ ਕਰਦੇ ਤਾਂ ਪੰਥ ਜਥੇਦਾਰ ਦੇ ਹੱਕ ਤੇ ਕਮੇਟੀ ਦੇ ਨਾਲ ਹੋ ਜਾਂਦਾ, ਅਕਾਲੀ ਦਲ ਦਾ ਧੱਕੇਸ਼ਾਹੀ ਵਾਲਾ ਫੈਸਲਾ ਸਮਝਕੇ, ਅਕਾਲੀ ਦਲ ਦੀ ਹੋਰ ਮਿੱਟੀ ਪਲੀਤ ਹੋਣੀ ਸੀ ਅਤੇ ਜੇ ਮੰਗਣੀ ਵਾਲੇ ਮਸਲੇ ਤੇ ਜਥੇਦਾਰ ਨੂੰ ਹਟਾਇਆ ਜਾਂਦਾ ਹੈ ਤਾਂ ਤਕਰੀਬਨ ਜ਼ਿਆਦਾਤਰ ਸਿੱਖ ਇਸ ਫ਼ੈਸਲੇ ਨੂੰ ਦਰੁਸਤ ਸਮਝਣਗੇ, ਕਿਉਂਕਿ ਇਸ ਵਕਤ ਸਿੱਖ ਭਾਈਚਾਰਾ ਜ਼ਿਆਦਾਤਰ ਗਿਣਤੀ ਵਿਚ ਜਥੇਦਾਰ ਦੇ ਇਸ ਕਦਮ ਤੋਂ ਨਰਾਜ਼ ਹੈ, ਹਾਲਾਂਕਿ ਜਥੇਦਾਰ ਸਾਹਿਬ ਨੂੰ ਹਟਾਉਣ ਦੀ ਮੰਗ ਵਿਆਪਕ ਪੱਧਰ ‘ਤੇ ਨਹੀਂ ਉੱਠੀ ਪਰ ਵਿਰੋਧ ਜ਼ਰੂਰ ਹੋ ਰਿਹਾ ਹੈ।

ਜਥੇਦਾਰ ਲਈ ਇਹ ਨਾਂ ਅੱਗੇ

ਜਥੇਦਾਰ ਨੂੰ ਬਦਲਣ ਦੀ ਚਰਚਾ ਦਰਮਿਆਨ ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਵਜੋਂ ਦੋ ਨਾਂ ਮੋਹਰੀ ਮੰਨੇ ਜਾ ਰਹੇ ਹਨ, ਜਿਸ ਵਿਚ ਕੇਸਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ ਦਾ ਨਾਮ ਸ਼ਾਲ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਮੱਲ ਸਿੰਘ ਦੇ ਸਪੁੱਤਰ ਗਿਆਨੀ ਅਮਰਜੀਤ ਸਿੰਘ ਦੇ ਨਾਮ ਦੀ ਵੀ ਚਰਚਾ ਹੈ। ਇਹ ਵੀ ਹੋ ਸਕਦਾ ਕਿ ਬਿਲਕੁਲ ਹੀ ਨਵਾਂ ਚਿਹਰਾ ਇਸ ਵੱਡੇ ਅਹੁਦੇ ‘ਤੇ ਬਿਰਾਜਮਾਨ ਕੀਤਾ ਜਾਵੇ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਾ ਹੋਵੇ, ਹਾਲਾਂਕਿ ਨਾ ਤਾਂ ਜਥੇਦਾਰ ਨੂੰ ਬਦਲੇ ਜਾਣ ਬਾਰੇ ਕਿਸੇ ਨੇ ਮੋਹਰ ਲਾਈ ਹੈ ਤੇ ਨਾ ਹੀ ਨਵੇਂ ਜਥੇਦਾਰ ਦੇ ਨਾਂ ਉੱਤੇ.. ਤਾਂ ਇਹ ਸਾਰੀ ਸਿਰਫ ਤੇ ਸਿਰਫ ਚਰਚਾ ਹੈ, ਜਿੰਨੀ ਮਰਜ਼ੀ ਕਰੀ ਜਾਉ, ਪਾਣੀ ਵਿਚ ਮਧਾਣੀ ਵਾਲੀ ਗੱਲ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੂੰ 2017 ਵਿੱਚ ਮਿਲੀ ਸੀ ਜ਼ਿੰਮੇਵਾਰੀ

ਦਰਅਸਲ ਗਿਆਨੀ ਹਰਪ੍ਰੀਤ ਸਿੰਘ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁ. ਟੁੱਟੀ ਗੰਢੀ ਸਾਹਿਬ ਦੇ ਮੁੱਖ ਗ੍ਰੰਥੀ ਹੁੰਦੇ ਸੀ । 21 ਅਪ੍ਰੈਲ 2017 ਨੂੰ ਉਨਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ,ਤਲਵੰਡੀ ਸਾਬੋ ਦੇ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਸੀ। ਫਿਰ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ 22 ਅਕਤੂਬਰ 2018 ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਵੀ ਸੇਵਾ ਸੌਂਪ ਦਿੱਤੀ ਗਈ ਸੀ । ਹਰ ਕੋਈ ਇਸ ਚੋਣ ਤੋਂ ਹੈਰਾਨ ਰਹਿ ਗਿਆ ਸੀ ਤੇ ਉਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਉੱਚ ਸਿੱਖਿਆ, ਵਿਦਵਤਾ ਤੇ ਸਾਦਗੀ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ 5 ਸਾਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਕਾਰਜਕਾਰੀ ਜਥੇਦਾਰ ਵੱਲੋਂ ਹੀ ਚਲਾਏ ਜਾਣ ਅਤੇ ਕੋਈ ਸਥਾਈ ਜਥੇਦਾਰ ਨਿਯੁਕਤ ਨਾ ਕੀਤੇ ਜਾਣ ਦਾ ਮੁੱਦਾ ਵੀ ਪੰਥ ਵਿੱਚ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ।

ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਉੱਠੀ ਆਵਾਜ਼

ਇਸ ਗਰਮ ਚਰਚਾ ਦਰਮਿਆਨ ਅਕਾਲੀ ਦਲ ਤੋਂ ਬਾਗੀ ਹੋਏ SGPC ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਗੁਨਾਹ ਮਾਫ ਕਰਵਾਉਣ ਲਈ ਜਥੇਦਾਰ ਦੀ ਧੌਣ ‘ਤੇ ਗੋਡਾ ਰੱਖ ਰਹੇ ਨੇ, ਪੰਜੋਲੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਦਾ ਰਾਘਵ ਚੱਡੇ ਦੀ ਮੰਗਣੀ ਉੱਤੇ ਜਾਣ ਨਾਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਸੱਤਾ ਦੇ ਨਸ਼ੇ ਵਿਚ ਕੀਤੀਆਂ ਗਲਤੀਆਂ ਕਿਤੇ ਵੱਧ ਵੱਡੀਆਂ ਹਨ। ਉਨਾਂ ਮੰਗ ਕੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਸੇਵਾ-ਮੁਕਤ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੀ ਫੌਜ ‘ਤੇ ਲੱਗੇ ਦੋਸ਼ਾਂ ਤਹਿਤ ਇਨਾਂ ਲੀਡਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋ ਲਾਂਭੇ ਕਰਕੇ ਪੰਜ ਸਾਲ ਲਈ ਕੋਈ ਵੀ ਚੋਣ ਨਾ ਲੜਨ ਲਈ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਉਨਾਂ ਕਾਰਜਕਾਰਨੀ ਨੂੰ ਅਪੀਲ ਕੀਤੀ ਕਿ ਜਥੇਦਾਰ ਨੂੰ ਅਹੁਦੇ ਤੋਂ ਲਾਹੁਣ ਤੋਂ ਪਹਿਲਾਂ ਪੰਥ ਨੂੰ ਦੱਸਿਆ ਜਾਵੇ ਕਿ ਉਹ ਕਿਹੜੇ ਕਾਰਨ ਹਨ, ਜਿਹਨਾਂ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਜਾ ਰਿਹਾ ਹੈ ਤੇ SGPC ਮੈਂਬਰ ਹੋਣ ਦਾ ਨਾਤੇ ਕਰਨੈਲ ਸਿੰਘ ਪੰਜੋਲੀ ਦਾ ਇਹ ਬਿਆਨ ਕਿਤੇ ਨਾ ਕਿਤੇ ਸਪੱਸ਼ਟ ਕਰਦਾ ਹੈ ਕਿ ਕੱਲ ਦੀ ਬੈਠਕ ‘ਚ ਜਥੇਦਾਰ ਬਾਰੇ ਚਰਚਾ ਤਾਂ ਜ਼ਰੂਰ ਹੋਵੇਗੀ।

SGPC ਦੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਤੇ ਕਾਰਜਕਾਰੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਵੀ ਕੱਲ ਹੋਣ ਵਾਲੀ ਬੈਠਕ ‘ਚ ਇਹ ਮੁੱਦਾ ਵਿਚਾਰੇ ਜਾਣ ਦੇ ਵੀ ਸੰਕੇਤ ਦਿੱਤੇ ਹਨ,ਰੰਧਾਵਾ ਵਿਰੋਧੀ ਧੜੇ ਵਾਲੇ ਮੈਂਬਰ ਹਨ ਤੇ ਦੂਜੀ ਧਿਰ ਜਥੇਦਾਰ ਨੂੰ ਹਟਾਏ ਜਾਣ ਨਾਲ ਸਹਿਮਤ ਹੋਵੇਗੀ ਜਾਂ ਹੋਰ ਕੋਈ ਮੰਗ ਰੱਖੇਗੀ, ਇਸ ਦੇਖਣਾ ਵੀ ਕਾਫੀ ਦਿਲਚਸਪ ਰਹੇਗਾ।

ਪੱਤਰਕਾਰ ਤਲਵਿੰਦਰ ਬੁੱਟਰ ਮੁਤਾਬਕ ‘ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰਾਘਵ ਚੱਢਾ ਦੀ ਮੰਗਣੀ ਵਿਚ ਜਾਣਾ,ਪੰਥਕ ਵਿਚਾਰ-ਚਰਚਾ ਦਾ ਵਿਸ਼ਾ ਜ਼ਰੂਰ ਹੈ,ਪਰ ਏਡੇ ਵੱਡੇ ਮੀਡੀਆ ਟਰਾਇਲ ਦਾ ਮੁੱਦਾ ਬਿਲਕੁਲ ਨਹੀਂ ਹੈ, ਜਿਸ ਤਰੀਕੇ ਇਸ ਨੂੰ ਪਿਛਲੇ ਕਈ ਦਿਨਾਂ ਤੋਂ ਪੇਸ਼ ਕੀਤਾ ਜਾ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਇਹ ਸਭ ਕੁਝ ਪੰਥਕ ਖੇਤਰ ਵਿਚ ਬੇਚੈਨੀ ਤੇ ਭੰਬਲਭੂਸਾ ਵਧਾਉਣ ਅਤੇ ਸਿੱਖ ਸੰਸਥਾਵਾਂ ਵਿਚ ਟਕਰਾਅ ਵਾਲੇ ਹਾਲਾਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੈ।’

ਜਥੇਦਾਰ ਨਾਲ ਕਾਫੀ ਨੇੜਤਾ ਰੱਖਣ ਵਾਲੇ ਤਲਵਿੰਦਰ ਸਿੰਘ ਬੁੱਟਰ ਮੁਤਾਬਕ ਜੇਕਰ 20 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੋਈ ਸਥਾਈ ਜਥੇਦਾਰ ਨਿਯੁਕਤ ਹੁੰਦਾ ਹੈ ਤਾਂ ਸੰਭਾਵਨਾ ਹੈ ਕਿ ਇਸ ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਇੱਛਾ ਵੀ ਜ਼ਰੂਰ ਜਾਣੀ ਜਾਵੇਗੀ ਪਰ ਇੰਨਾ ਦੀ ਜਾਣਕਾਰੀ ਮੁਤਾਬਕ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਬਜਾਇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨੂੰ ਤਰਜੀਹ ਦੇਣਗੇ, ਕਿਉਂਕਿ ਉਨ੍ਹਾਂ ਦੀ ਪੱਕੀ ਰਿਹਾਇਸ਼ ਵੀ ਉੱਥੇ ਹੀ ਹੈ ਅਤੇ ਉਹ ਅਗਲੇ ਸਮੇਂ ਦੌਰਾਨ ਲਿਖਣ ਦੇ ਕਾਰਜਾਂ ਨੂੰ ਸਮਾਂ ਦੇਣ ਲਈ ਫੁਰਸਤ ਵਾਲਾ ਮਾਹੌਲ ਚਾਹੁਣਗੇ।

ਕੀ ਜਥੇਦਾਰ ਤੋਂ ਬਾਅਦ ਅਕਾਲੀ ਦਲ ਆਵਦੇ ਪ੍ਰਧਾਨ ਨੂੰ ਵੀ ਬਦਲੇਗਾ ?

ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਤਾਂ ਅਕਾਲ ਤਖ਼ਤ ਜਥੇਦਾਰ ਦਾ ਵੱਕਾਰ ਇਸ ਹੱਦ ਤੱਕ ਡਿੱਗ ਚੁੱਕਾ ਸੀ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁਤਲੇ ਸਾੜੇ ਜਾ ਰਹੇ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਥੋੜੇ ਸਮੇਂ ‘ਚ ਹੀ ਵੱਕਾਰ ਬਹਾਲ ਕੀਤਾ ਅਤੇ ਬਾਦਲ ਵਿਰੋਧੀ ਧਿਰਾਂ ਵੀ ਲੱਗਭੱਗ ਇਕ ਦਹਾਕੇ ਬਾਅਦ ਦੁਬਾਰਾ ਅਕਾਲ ਤਖ਼ਤ ਸਾਹਿਬ ‘ਤੇ ਮਸਲੇ ਲੈ ਕੇ ਪਹੁੰਚਣ ਲੱਗੀਆਂ।
ਗਿਆਨੀ ਹਰਪ੍ਰੀਤ ਸਿੰਘ ਵਿੱਚ ਕਮੀਆਂ ਹੋਣਗੀਆਂ ਪਰ ਉਨਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਅਤੇ ਸਿਧਾਂਤ ਬਾਰੇ ਬਹੁਤ ਸਪਸ਼ਟਤਾ ਹੈ। ਦੂਜੇ ਪਾਸੇ ਉਨਾਂ ਦੀ ਅਲੋਚਣਾ ਦਾ ਇਹੀ ਕਾਰਨ ਸੀ ਕਿ ਉਹ ਕਦੇ ਕਦੇ ਅਕਾਲੀ ਦਲ ਬਾਦਲ ਪੱਖੀ ਬਿਆਨ ਦੇ ਜਾਂਦੇ ਸਨ ਪਰ ਸ਼ਾਇਦ ਜਥੇਦਾਰ ਸਾਹਿਬ ਉਹ ਨਾ ਕਰ ਸਕੇ, ਜੋ ਅਕਾਲੀ ਦਲ ਦੀ ਉਹ ਧਿਰ ਚਾਹੁੰਦੀ ਸੀ, ਜਿਸ ਧਿਰ ਨੇ ਸਿਰਸੇ ਵਾਲੇ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਵਾਈ ਸੀ।

ਕੁਝ ਸਵਾਲ

ਕੀ ਜਥੇਦਾਰ ਦਾ ਮੰਗਣੀ ਸਮਾਗਮ ‘ਚ ਜਾਣਾ ਬਹੁਤ ਜ਼ਰੂਰੀ ਸੀ,ਜਦਕਿ ਜਥੇਦਾਰ ਆਪਣੀ ਹੈਸੀਅਤ ਮੁਤਾਬਕ ਆਪਣੇ ਕਿਸੇ ਨੁਮਾਇੰਦੇ ਰਾਹੀਂ ਜੋੜੀ ਨੂੰ ਸ਼ਗਨ ਵੀ ਭਿਜਵਾ ਸਕਦੇ ਸਨ।
CM ਕੇਜਰੀਵਾਲ ਤੇ ਭਗਵੰਤ ਮਾਨ ਦੀ ਕਾਰ ਵਾਂਗੂੰ ਜਥੇਦਾਰ ਦੀ ਕਾਰ ਨੂੰ ਅੰਦਰ ਕਿਉਂ ਨਹੀਂ ਜਾਣ ਦਿੱਤਾ ਗਿਆ ?
ਜਥੇਦਾਰ ਸਾਹਿਬ ਦੇ ਨਾਲ ਸੁਰੱਖਿਆ ਮੁਲਾਜ਼ਮ ਜਾਂ ਉਨਾਂ ਨੇ ਨਾਲ ਜੋ SGPC ਦੇ ਮੁਲਾਜ਼ਮ ਹਮੇਸ਼ਾ ਮੌਜੂਦ ਹੁੰਦੇ ਹਨ,ਉਹ ਮੌਜੂਦ ਕਿਉਂ ਨਹੀਂ ਸਨ ?

ਖੈਰ ਜੇ ਜਥੇਦਾਰ ਨੂੰ ਬਦਲੇ ਜਾਣ ਦੀ ਚਰਚਾ ਸੱਚ ਸਾਬਤ ਹੋਈ ਤਾਂ ਨਵੇਂ ਜਥੇਦਾਰ ਦੀ ਚੋਣ ਅਕਾਲੀ ਦਲ ਤੇ SGPC ਲਈ ਵੀ ਕੋਈ ਸੌਖੀ ਗੱਲ ਨਹੀਂ ਹੋਵੇਗੀ, ਕਿਉਂਕਿ ਪੰਥ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਠਪੁਤਲੀ ਜਥੇਦਾਰ ਕਦੇ ਵੀ ਨਹੀਂ ਚਾਹੁੰਦਾ, ਪਰ ਸਿੱਖ ਕੌਮ ਦੀ ਇਕੋ-ਇੱਕ ਮੰਗ ਤੇ ਚਾਅ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦਾਨਾ ਹੋਂਦ ਹਸਤੀ ਮੁੜ ਤੋਂ ਕਾਇਮ ਹੋਵੇ, ਅਕਾਲ ਤਖਤ ਕਿਉਂਕਿ ਗੁਰੂ ਸਾਹਿਬ ਨੇ ਉਸ ਅਕਾਲ ਪੁਰਖ ਦੇ ਤਖ਼ਤ ਵਜੋਂ ਸਾਜਿਆ ਸੀ, ਜਿਸਤੇ ਕਿਸੇ ਵੀ ਦੁਨਿਆਵੀ ਬਾਦਸ਼ਾਹ ਦਾ ਹੁਕਮ ਨਹੀਂ ਚੱਲ ਸਕਦਾ, ਜਿਸਦਾ ਭੈਅ ਦੁਨੀਆ ਦੇ ਰਾਜੇ ਮੰਨਣ, ਜਿਥੋਂ ਸਦਾ ਮਨੁੱਖਤਾ ਦੇ ਹੱਕ ਵਿਚ ਸਹੀ ਫ਼ੈਸਲੇ ਹੋਣ, ਪੰਥ ਦੀ ਰਾਜਸੀ ਹਸਤੀ ਮਜ਼ਬੂਤ ਤਰੀਕੇ ਨਾਲ ਮੁੜ ਤੋਂ ਉਜਾਗਰ ਹੋਵੇ, ਜੋ ਧਰਮ ਦੇ ਅਧੀਨ ਹੋਵੇ ਨਾ ਕਿ ਸਿਆਸਤ ਦੇ, ਤੇ ਅਜਿਹਾ ਤਦ ਹੀ ਹੋ ਸਕਦਾ ਹੈ ਜੇ ਅਕਾਲ ਤਖ਼ਤ ਸਾਹਿਬ ‘ਤੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਬਿਰਾਜਮਾਨ ਹੋਣਗੇ।