‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਵਿੱਚ 12 ਸਤੰਬਰ ਨੂੰ ਹੋਣ ਵਾਲੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ (HPSC) ਦੀ ਪ੍ਰੀਖਿਆ ਵਿੱਚ ਬਾਕੀ ਜਿਊਲਰੀ ਦੇ ਨਾਲ-ਨਾਲ ਸਿੱਖ ਕੌਮ ਦੇ ਚਿੰਨ੍ਹਾਂ ‘ਤੇ ਪਾਬੰਦੀ ਲਗਾਉਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ। ਭਾਰਤ ਦਾ ਸੰਵਿਧਾਨ ਵੀ ਭਾਰਤ ਦੇ ਨਾਗਰਿਕਾਂ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ। ਇਹ ਸਿੱਖ ਕੌਮ ਉੱਤੇ ਬਹੁਤ ਵੱਡਾ ਹਮਲਾ ਹੈ ਕਿ ਅੰਮ੍ਰਿਤਧਾਰੀ ਨੌਜਵਾਨ ਸਿੱਖ ਬੱਚੇ-ਬੱਚੀਆਂ ਇਨ੍ਹਾਂ ਇਮਤਿਹਾਨਾਂ ਵਿੱਚ ਨਾ ਬੈਠ ਸਕਣ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਆਪਣੇ ਫੈਸਲੇ ਉੱਤੇ ਗੌਰ ਕਰਨ ਲਈ ਕਿਹਾ ਹੈ ਅਤੇ ਗੈਰ-ਸੰਵਿਧਾਨਕ ਕਾਰਵਾਈ ਨਾ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹੱਕ ਕਿਉਂ ਕੁਚਲੇ ਜਾ ਰਹੇ ਹਨ, ਕਿਤੇ ਇਹ ਕੋਈ ਵੱਡੀ ਸਾਜਿਸ਼ ਤਾਂ ਨਹੀਂ ਹੈ, ਕਿਤੇ ਇਹ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਹਰਿਆਣਾ ਸਰਕਾਰ ਦੀਆਂ ਸੇਵਾਵਾਂ ਵਿੱਚੋਂ ਰੋਕਣ ਦਾ ਯਤਨ ਤਾਂ ਨਹੀਂ ਹੋ ਰਿਹਾ। ਸਿੱਖ ਆਪਣੇ ਪੰਜ ਕਕਾਰ ਕਦੇ ਵੀ ਆਪਣੇ ਤੋਂ ਵੱਖ ਨਹੀਂ ਕਰ ਸਕਦਾ ਅਤੇ ਇਹ ਉਸ ਲਈ ਬਹੁਤ ਅਹਿਮ ਹਨ ਅਤੇ ਉਹ ਆਪਣੀ ਜਾਨ ਤੋਂ ਜ਼ਿਆਦਾ ਇਸਨੂੰ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਹਰਿਆਣਾ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਅਸੀਂ ਦਿੱਲੀ ਸਰਕਾਰ ਨੂੰ ਇਸ ਵਿੱਚ ਦਖ਼ਲ ਦੇਣ ਦੀ ਮੰਗ ਕਰਾਂਗੇ ਅਤੇ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੂੰ ਅਦਾਲਤਾਂ ਵਿੱਚ ਲਿਜਾਇਆ ਜਾਵੇਗਾ।

Leave a Reply

Your email address will not be published. Required fields are marked *