Punjab

ਜਥੇਦਾਰ ਸ਼੍ਰੀ ਅਕਾਲ ਤਖ਼ਤ ਦਾ ਵੱਡਾ ਬਿਆਨ

ਬਿਊਰੋ ਰਿਪੋਰਟ : ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨ ਹਰਪ੍ਰੀਤ ਸਿੰਘ ਦਾ ਵਾਰਿਸ ਪੰਜਾਬ ਨੂੰ ਲੈਕੇ ਵੱਡੇ ਬਿਆਨ ਸਾਹਮਣੇ ਆਏ ਹਨ । ਉਨ੍ਹਾਂ ਨੇ ਕਿਹਾ ਸਭ ਤੋਂ ਵੱਡਾ ਸਵਾਲ ਪੂਰੀ ਦੁਨੀਆ ਦੇ ਸਿੱਖਾਂ ਦੇ ਮਨਾਂ ਵਿੱਚ ਹੈ ਕਿ ਇੰਨੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਿਉਂ ਨਹੀਂ ਕਰ ਸਕੀ ? ਇਹ ਪੁਲਿਸ ਦੀ ਕਾਰਗੁਜਾਰੀ ‘ਤੇ ਵੱਡਾ ਸਵਾਲ ਹੈ ! ਜੇਕਰ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ ਤਾਂ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸਿੱਖ ਨੌਜਵਾਨਾਂ ਨੇ ਇੰਨੇ ਗੁਨਾਹ ਨਹੀਂ ਕੀਤੇ ਹਨ ਜਿੰਨੇ ਪੇਸ਼ ਕੀਤੇ ਜਾ ਰਹੇ ਹਨ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਨੂੰ ਵੀ ਵੱਡੀ ਸਲਾਹ ਦਿੱਤੀ ਹੈ ।

ਜਥੇਦਾਰ ਦੀ ਅੰਮ੍ਰਿਤਪਾਲ ਸਿੰਘ ਨੂੰ ਸਲਾਹ

ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਵੀ ਸਲਾਹ ਦਿੰਦੇ ਹੋਏ ਕਿਹਾ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੇਕਰ ਉਹ ਬਾਹਰ ਹਨ ਤਾਂ ਖੁਦ ਹੀ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ ਹੈ । ਪੁਲਿਸ ਪੁੱਛੇਗੀ ਤੁਸੀਂ ਕੀ ਕਰਨਾ ਚਾਹੁੰਦੇ ਹੋ ? ਸਹਿਯੋਗ ਕਰਨਾ ਚਾਹੀਦਾ ਹੈ । ਜਥੇਦਾਰ ਨੇ ਮੀਡੀਆ ਦੀ ਆਜ਼ਾਦੀ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ।

ਮੀਡੀਆ ਦੀ ਆਜ਼ਾਦੀ ‘ਤੇ ਜਥੇਦਾਰ ਸਾਹਿਬ ਦਾ ਬਿਆਨ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਮੀਡੀਆ ਦੇ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਚੈਨਲ ਨੂੰ ਬਲਾਕ ਕਰ ਦਿੱਤਾ ਗਿਆ ਹੈ । ਇਹ ਬਿਲਕੁਲ ਵੀ ਠੀਕ ਨਹੀਂ ਹੈ । ਸਰਕਾਰ ਨੂੰ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਹੈ । ਜਥੇਦਾਰ ਨੇ ਕਿਹਾ ਇਹ ਵਿਚਾਰਾਂ ਦੇ ਪ੍ਰਗਟ ਕਰਨ ਦੇ ਅਧਿਕਾਰ ਦਾ ਹਨਨ ਹੈ । ਪੰਜਾਬ ਸਰਕਾਰ ਨੂੰ ਇਸ ਬਾਰੇ ਕੁਝ ਜ਼ਰੂਰ ਸੋਚਨਾ ਚਾਹੀਦਾ ਹੈ । ਸਾਡੇ ਬੱਚਿਆਂ ਨੇ ਫੇਸਬੁਕ ‘ਤੇ ਕੁਝ ਸ਼ੇਅਰ ਕਰ ਲਿਆ ਅਤੇ ਕੁਮੈਂਟ ਕੀਤਾ ਇਸ ਨੂੰ ਅਧਾਰ ਬਣਾਕੇ ਨੌਜਵਾਨਾਂ ‘ਤੇ ਕਾਰਵਾਈ ਕਰਨਾ ਠੀਕ ਨਹੀਂ ਹੈ । ਇਸ ਨਾਲ ਉਨ੍ਹਾਂ ਦਾ ਭਵਿੱਖ ਖਰਾਬ ਹੋਵੇਗਾ ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਜਥੇਦਾਰ ਸਾਹਿਬ ਨੇ 27 ਮਾਰਚ ਦੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ।

27 ਤਕੀਰ ਦੇ ਪ੍ਰੋਗਰਾਮ ਬਾਰੇ ਜਾਣਕਾਰੀ

ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਿੰਤਨ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 27 ਮਾਰਚ ਨੂੰ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ । ਇਸ ਨੂੰ ਲੈਕੇ ਹੁਣ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ 60 ਤੋਂ 70 ਚੋਣਵੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨਾਂ ਨੂੰ ਸੁਨੇਹੇ ਭੇਜੇ ਗਏ ਹਨ। ਜਥੇਦਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਇਕੱਤਰਤਾ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਨਹੀਂ ਹੋਣਗੇ। ਇਸ ਇਕੱਤਰਤਾ ਵਿੱਚ ਸਿਰਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੁਲਾਏ ਗਏ ਮੁਖੀ ਸਾਹਿਬਾਨ ਹੀ ਸ਼ਾਮਿਲ ਹੋਣਗੇ। ਜਥੇਦਾਰ ਸਾਹਿਬ ਵੱਲੋਂ ਮੋਜੂਦਾ ਹਾਲਾਤਾਂ ਨੂੰ ਲੈਕੇ ਸੰਗਤ ਦੀ ਰਾਇ ਵੀ ਮੰਗੀ ਹੈ । ਜਥੇਦਾਰ ਗਿਆਨੀ ਹਰਪ੍ਰੀਤ ਨੇ ਇੱਕ ਈਮੇਲ ਆਈਡੀ ਵੀ ਜਾਰੀ ਕੀਤੀ ਹੈ ਜਿਸ ਰਾਹੀਂ ਸੰਗਤ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਆਪਣੇ ਲਿਖਤੀ ਸੁਝਾਅ ਭੇਜ ਸਕਦੀ ਹੈ। ਸੰਗਤ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਈਮੇਲ ਆਈਡੀ akaltakhatsahib84@gmail.com ਜਾਰੀ ਕੀਤੀ ਹੈ।