‘ਦ ਖ਼ਾਲਸ ਬਿਊਰੋ : ਲੰਘੇ ਕੱਲ੍ਹ ਫ਼ਰੀਦਕੋਟ ਦੀ ਜਰਮਨ ਕਲੋਨੀ ਦੇ ਇੱਕ ਗੁਰਦੁਆਰੇ ’ਚ ਦੋ ਧਿਰਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ(Akal Takht Jathedar Giani Harpreet Singh)) ਨੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਸ਼੍ਰੋਮਣੀ ਕਮੇਟੀ ਨੇ ਵੀ ਘਟਨਾ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜਿਹੀ ਘਟਨਾ ਨੂੰ ਮੰਦਭਾਗਾ ਆਖਦਿਆਂ ਕਿਹਾ ਕਿ ਗੁਰੂ ਘਰਾਂ ਵਿੱਚ ਆਪਸੀ ਮਸਲੇ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹਵਾਲੇ ਨਾਲ ਉਨ੍ਹਾਂ ਦੇ ਓਐਸਡੀ ਸਤਬੀਰ ਸਿੰਘ ਧਾਮੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਵਾਸਤੇ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜੋ ਅੱਜ ਘਟਨਾ ਸਥਾਨ ’ਤੇ ਪੁੱਜੇਗੀ।
ਦੱਸ ਦਈਏ ਕਿ ਫ਼ਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰੇ ਵਿੱਚ ਸ਼ਨੀਵਾਰ ਨੂੰ ਅੱਸੂ ਦੀ ਸੰਗਰਾਂਦ ਸਬੰਧੀ ਧਾਰਮਿਕ ਸਮਾਗਮ ਦੀ ਸਮਾਪਤੀ ਮਗਰੋਂ ਦੋ ਧੜਿਆਂ ਦਰਮਿਆਨ ਝੜਪ ਹੋ ਗਈ ਤੇ ਇਸ ਮੌਕੇ ਕਿਰਪਾਨਾਂ ਵੀ ਚੱਲੀਆਂ। ਹਾਸਲ ਜਾਣਕਾਰੀ ਅਨੁਸਾਰ, ਬੰਸਾ ਸਿੰਘ ਨਾਮ ਦੇ ਵਿਅਕਤੀ ਨੇ ਗੁਰਦੁਆਰੇ ਦਾ ਕਥਿਤ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ।
ਗੁਰਦੁਆਰੇ ਦੇ ਮੌਜੂਦਾ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਬੰਸਾ ਸਿੰਘ ਆਪਣੇ ਨਾਲ ਕੁਝ ਵਿਅਕਤੀਆਂ ਨੂੰ ਲੈ ਕੇ ਆਇਆ ਸੀ, ਜਿਸ ਨੇ ਸੰਗਤ ’ਤੇ ਕਥਿਤ ਹਮਲਾ ਕਰ ਦਿੱਤਾ। ਇਸ ਘਟਨਾ ਦੀ ਚਸ਼ਮਦੀਦ ਗੁਰਦੇਵ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ ਲੜਾਈ ਦੌਰਾਨ ਪੱਗਾਂ ਲੱਥ ਗਈਆਂ। ਘਟਨਾ ਵਿੱਚ ਨਰਿੰਦਰ ਸਿੰਘ ਤੇ ਪ੍ਰਭਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸਿਟੀ ਪੁਲਿਸ ਫ਼ਰੀਦਕੋਟ ਨੇ ਇਸ ਮਾਮਲੇ ਸਬੰਧੀ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਸਿਟੀ ਫ਼ਰੀਦਕੋਟ ਦੇ ਐਸਐਚਓ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਪ੍ਰਭਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਹਰਬੰਸ ਸਿੰਘ, ਠਾਣਾ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਅਮਰਜੋਤ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ ਤੇ ਅਮਰਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 295, 506, 324, 323, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ।