ਬਿਉਰੋ ਰਿਪੋਰਟ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ-ਆਪ ਨੂੰ ਪਾਰਟੀ ਤੋਂ ਕੱਢੇ ਜਾਣ ਬਾਅਦ ਖੁੱਲ੍ਹ ਕੇ ਭੜਾਸ ਕੱਢਦਿਆਂ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਉੱਤੇ ਕਥਿਤ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ ਹਨ। ਗੜੀ ਨੇ ਸੋਸ਼ਲ ਮੀਡੀਆ ’ਤੇ ਸਬੂਤ ਨਸ਼ਰ ਕਰਨ ਦਾ ਦਾਅਵਾ ਕਰਦਿਆਂ ਇੱਕ ਫੋਨ ਨੰਬਰ ਵੀ ਦਿੱਤਾ ਹੈ, ਜਿਸ ’ਤੇ ਵੱਟ੍ਹਸਐਪ ਕਰਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ। ਗੜੀ ਨੇ ਬੈਨੀਵਾਲ ’ਤੇ ਕਥਿਤ ਭ੍ਰਿਸ਼ਟਾਚਾਰ ਤੇ ਪਾਰਟੀ ਫੰਡਾਂ ਵਿਚ ਕਥਿਤ ਗ਼ਬਨ ਕਰਕੇ ਵੱਡੀਆਂ ਜਾਇਦਾਦਾਂ ਬਣਾਉਣ ਅਤੇ ਮਹਿੰਗੀਆਂ ਕਾਰਾਂ ਖ਼ਰੀਦਣ ਦੇ ਇਲਜ਼ਾਮ ਲਾਏ ਹਨ। ਬੈਨੀਵਾਲ ਪੰਜਾਬ ਤੋਂ ਇਲਾਵਾ ਬਸਪਾ ਦੇ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਦੇ ਵੀ ਕੇਂਦਰੀ ਸੂਬਾ ਇੰਚਾਰਜ ਹਨ।
ਗੜ੍ਹੀ ਨੇ ਬੈਨੀਵਾਲ ਉਤੇ ਇਲਜ਼ਾਮ ਲਾਉਂਦਿਆਂ ਆਪਣੇ ‘ਐਕਸ’ ਖ਼ਾਤੇ ਤੋਂ ਹਿੰਦੀ ਭਾਸ਼ਾ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ, ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਕੇਂਦਰੀ ਆਗੂਆਂ ਸਤੀਸ਼ ਮਿਸ਼ਰਾ, ਰਾਮਜੀ ਗੌਤਮ ਆਦਿ ਨੂੰ ਵੀ ਟੈਗ ਕੀਤਾ ਗਿਆ ਹੈ। ਪੋਸਟ ਨੇ ਨਾਲ ਕਾਗਜ਼ਾਂ ਦੀਆਂ ਕੁਝ ਫੋਟੋਆਂ ਵੀ ਨੱਥੀ ਕੀਤੀਆਂ ਗਈਆਂ ਹਨ ਜਿਨ੍ਹਾਂ ’ਤੇ ਜਾਇਦਾਦਾਂ ਦੀ ਬਿਓਰਾ ਲਿਖਿਆ ਹੋਇਆ ਹੈ। ਪੋਸਟ ਵਿੱਚ ਬੈਨੀਵਾਲ ਦੇ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਲਿਖੇ ਹਨ, ਜਿਨ੍ਹਾਂ ਦੇ ਨਾਂ ਉਤੇ ਸਬੰਧਿਤ ਜਾਇਦਾਦਾਂ ਬੋਲਦੀਆਂ ਹਨ।
ਜਸਬੀਰ ਗੜ੍ਹੀ ਨੇ ਆਪਣੀ ਇਸ ਪੋਸਟ ਵਿਚ ਲਿਖਿਆ ਹੈ, ‘‘ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਿਸ ਗੱਲ ਲਈ ਉਨ੍ਹਾਂ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਤੋਂ ਫੋਨ ਕਰਕੇ ਸਮਾਂ ਮੰਗਿਆ ਹੈ, ਉਹ ਮੇਰੇ ਦਿਲ ’ਚ ਹੀ ਨਾ ਰਹਿ ਜਾਵੇ, ਇਸ ਲਈ ਸਾਰਾ ਮਾਮਲਾ ਲੋਕਾਂ ਦੀ ਕਚਿਹਰੀ ਵਿੱਚ ਸਬੂਤਾਂ ਸਮੇਤ ਪੇਸ਼ ਕਰ ਰਿਹਾ ਹਾਂ, ਜਿਸ ਲਈ ਮੈਂ ਭੈਣ ਮਾਇਆਵਤੀ ਜੀ ਤੋਂ ਮੁਲਾਕਾਤ ਲਈ 5 ਨਵੰਬਰ ਨੂੰ ਪਾਰਟੀ ਦਫ਼ਤਰ ਵਿਚ ਫੋਨ ਕੀਤਾ ਸੀ।’’
ਉਨ੍ਹਾਂ ਰਣਧੀਰ ਸਿੰਘ ਬੈਨੀਵਾਲ ਨੂੰ ਸਵਾਲ ਕੀਤਾ ਹੈ ਕਿ ਇੱਕ ਪਾਸੇ ਜਿਥੇ ਪਾਰਟੀ ਵਰਕਰਾਂ ਤੋਂ ਮੋਟਰਸਾਈਕਲ ਵੀ ਨਹੀਂ ਖਰੀਦਿਆ ਜਾ ਰਿਹਾ ਤਾਂ ਉਥੇ ਬੈਨੀਵਾਲ ਨੇ 7 ਕਰੋੜ ਰੁਪਏ ਦੀਆਂ 13 ਜ਼ਮੀਨਾਂ/ਪਲਾਟ/ਦੁਕਾਨਾਂ ਕਿਵੇਂ ਖ਼ਰੀਦ ਲਈਆਂ? ਨਾਲ ਹੀ 4 ਕਰੋੜ ਦੀ ਲਾਗਤ ਵਾਲੇ ਦੋ ਮਹਿਲਾਂ ਵਰਗੇ ਘਰ ਅਤੇ ਸ਼ੋਅਰੂਮ ਕਿਵੇਂ ਬਣਾ ਲਏ? ਨਾਲ ਹੀ ਉਨ੍ਹਾਂ ਬੈਨੀਵਾਲ ਉਤੇ ਚਾਰ ਸਾਲਾਂ ’ਚ 80 ਲੱਖ ਰੁਪਏ ਦੀਆਂ ਚਾਰ ਗੱਡੀਆਂ ਖ਼ਰੀਦਣ ਦੇ ਵੀ ਇਲਜ਼ਾਮ ਲਾਏ ਹਨ।
ਉਨ੍ਹਾਂ ਬੈਨੀਵਾਲ ਉਤੇ ‘ਪਾਰਟੀ ਦੀਆਂ ਟਿਕਟਾਂ ਵੇਚ ਕੇ ਇਕੱਠੇ ਕੀਤੇ ਸਾਰੇ ਫੰਡ ਕੇਂਦਰੀ ਦਫ਼ਤਰ ਵਿੱਚ ਜਮ੍ਹਾਂ ਨਾ ਕਰਵਾਉਣ’ ਦੇ ਵੀ ਇਲਜ਼ਾਮ ਲਾਏ ਹਨ। ਪੰਜਾਬ ਦੇ ਬਸਪਾ ਦਫਤਰ ਦੇ ‘ਮੈਨਟੀਨੈਂਸ ਫੰਡ ਹਰ ਮਹੀਨੇ ਔਸਤਨ 60/70 ਹਜ਼ਾਰ ਰੁਪਏ ਚੋਰੀ’ ਕਰਨ ਦੇ ਇਲਜ਼ਮ ਵੀ ਹਨ ਤੇ ਇੰਝ ਕੁੱਲ ਰਕਮ 30 ਲੱਖ ਰੁਪਏ ਲੁੱਟਣ ਦੇ ਇਲਜ਼ਮ ਹਨ।
ਗੜ੍ਹੀ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਬਹੁਜਨ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਬਾਨੀ ‘ਸਾਹਿਬ ਕਾਂਸ਼ੀ ਰਾਮ ਵੱਲੋਂ ਦਿੱਤੀਆਂ ਕਦਰਾਂ-ਕੀਮਤਾਂ’ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ, ‘‘ਇਸ ਦੌਰਾਨ ਕੁਝ ਲੁਟੇਰੇ ਅਤੇ ਡਕੈਤ ਇੰਚਾਰਜ)ਬਣ ਕੇ ਆਏ, ਬਹੁਜਨ ਸਮਾਜ ਦਾ ਸਮਾਂ ਤੇ ਪੈਸਾ ਲੁੱਟਿਆ ਅਤੇ ਕਰੋੜਾਂ ਦੀ ਜਾਇਦਾਦ ਬਣਾ ਕੇ ਬਹੁਜਨ ਸਮਾਜ ਪਾਰਟੀ ਨੂੰ ਹਨੇਰੇ ਵਿੱਚ ਛੱਡ ਦਿੱਤਾ।’’
ਉਨ੍ਹਾਂ ਕਿਹਾ ਕਿ ਇਸ ਤੋਂ ਵੀ ਦੁਖਦਾਈ ਗੱਲ ਉਨ੍ਹਾਂ ਤੇ ਉਨ੍ਹਾਂ ਵਰਗੇ ਹੋਰ ਜੁਝਾਰੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ‘ਪਾਰਟੀ ਵੱਲੋਂ ਆਪਣੀ ਕਬਰ ਖੁਦ ਪੁੱਟਣ ਦੇ ਬਰਾਬਰ ਹੈ’।
#सबूत_के_लिए_व्हाट्सएप_करे_9478670587_ज़मीन_की_फर्द_व_गाड़ी_RC_बांग्ला_शोरूम
*बहन मायावती को किए फोन कॉल की बात का ब्यौरा जनता की कचहरी में रख रहा हु* – जसवीर सिंह गढ़ी*बसपा प्रभारी रणधीर बेनीवाल के झूठ, सीनाजोरी व साजिश से मुझे राजनीतिक तौर पर कत्ल किया गया है* – जसवीर सिंह… pic.twitter.com/XdYY1rcAUg
— Jasvir Singh Garhi (@JasvirSGarhi) November 12, 2024
ਦਰਅਸਲ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬੈਨੀਵਾਲ ਉਤੇ ਅਜਿਹੇ ਇਲਜ਼ਾਮ ਲਾਏ ਜਾ ਚੁੱਕੇ ਹਨ। ਬੀਤੇ ਮਹੀਨੇ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਥੋਂ ਦੇ ਕਥਿਤ ਬਸਪਾ ਵਰਕਰਾਂ ਵੱਲੋਂ ਵੀ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਅਜਿਹੇ ਹੀ ਇਲਜ਼ਾਮ ਲਾਏ ਜਾ ਰਹੇ ਹਨ।
ਗੜੀ ਦੇ ਇਲਜ਼ਾਮਾਂ ’ਤੇ ਬੈਨੀਵਾਲ ਦਾ ਪ੍ਰਤੀਕਰਮ
ਉੱਧਰ ਰਣਧੀਰ ਸਿੰਘ ਬੈਨੀਵਾਲ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ‘ਨਿਰਮੂਲ ਤੇ ਬੇਬੁਨਿਆਦ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਗੜ੍ਹੀ ਨੂੰ ਪਾਰਟੀ ਵਿੱਚੋੰ ਕੱਢਿਆ ਜਾ ਚੁੱਕਾ ਹੈ ਤਾਂ ਉਹ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਜੋ ਵੀ ਜਾਇਦਾਦਾਂ ਬਣਾਈਆਂ ਹਨ ਉਹ ਮਿਹਨਤ ਕਰ ਕੇ ਬਣਾਈਆਂ ਹਨ।
ਬੈਨੀਵਾਲ ਨੇ ਕਿਹਾ, ‘‘ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਹਲਕਿਆਂ ਵਿੱਚ ਚੋਣਾਂ ਲੜਨ ਲਈ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਹਰੀ ਝੰਡੀ ਦੇ ਦਿੱਤੀ ਸੀ ਪਰ ਸੂਬੇ ਦੇ ਪ੍ਰਧਾਨ ਹੁੰਦਿਆਂ ਗੜ੍ਹੀ ਨੂੰ ਚਾਰ ਉਮੀਦਵਾਰ ਨਹੀਂ ਲੱਭੇ।’’
ਯਾਦ ਰਹੇ ਜਸਵੀਰ ਸਿੰਘ ਗੜ੍ਹੀ ਨੂੰ ਬੀਤੀ 5 ਨਵੰਬਰ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਸੀ।