Punjab

ਪੰਜਾਬ ‘ਚ ਬਸਪਾ ਨੇ ਦੋ ਹੋਰ ਉਮੀਦਵਾਰਾਂ ਉਤਾਰੇ, ਹੁਣ ਤੱਕ 7 ਉਮੀਦਵਾਰਾਂ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ। ਬਸਪਾ (BSP) ਵੱਲੋਂ ਵੀ ਅੱਜ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਬਸਪਾ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਮਜੋਤਰਾ ਨੂੰ ਉਮੀਦਵਾਰ ਐਲਾਨਿਆ ਹੈ।

ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਵਿਪੁਲ ਕੁਮਾਰ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਉਮੀਦਵਾਰ ਐਲਾਨ ਦਿਤੇ ਜਾਣਗੇ। ਇਸ ਦੌਰਾਨ ਸਾਰੇ ਉਮੀਦਵਾਰਾਂ ਦੇ ਪੈਨਲ ’ਤੇ ਅੰਤਿਮ ਫੈਸਲਾ ਮਾਇਆਵਤੀ ਵੱਲੋਂ ਲਿਆ ਜਾ ਰਿਹਾ ਹੈ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਬਸਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਹਨ ਅਤੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ।

ਗੜੀ ਨੇ ਗੁਰਦਾਸਪੁਰ ਤੋਂ ਉਮੀਦਵਾਰ ਬਾਰੇ ਦੱਸਿਆ ਕਿ ਇੰਜੀਨੀਅਰ ਰਾਜਕੁਮਾਰ ਜਨੋਤਰਾ ਮਹਾਸ਼ਾ ਭਾਈਚਾਰੇ ਤੋਂ ਅਤੇ ਆਲ ਇੰਡੀਆ ਮਹਾਸ਼ਾ ਏਕਤਾ ਮੰਚ ਦੇ ਪ੍ਰਧਾਨ ਵੀ ਹਨ। ਗੜ੍ਹੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਵੇਲੇ 1985, 1989 ,1992 ਅਤੇ 1996  ਦੀ ਲੋਕ ਸਭਾ ਚੋਣ ਵਿਚ ਮਹਾਸ਼ਾ ਭਾਈਚਾਰੇ ਦੇ ਧਰਮ ਚੰਦ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚਾਰ ਵਾਰ ਚੋਣ ਲੜਾਈ ਗਈ ਅਤੇ 30 ਸਾਲ ਬਾਅਦ ਬਹੁਜਨ ਸਮਾਜ ਪਾਰਟੀ ਨੇ ਮੁੜ ਤੋਂ ਮਹਾਸ਼ਾ ਭਾਈਚਾਰੇ ਨੂੰ ਪੂਰੇ ਪੰਜਾਬ ਵਿਚ ਲਾਮਬੰਦੀ ਕਰਨ ਲਈ ਗੁਰਦਾਸਪੁਰ ਦੀ ਟਿਕਟ ਦਿਤੀ ਹੈ।

ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ ਸੱਤ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਵਿਚ ਪਹਿਲਾਂ ਐਲਾਨੇ ਗਏ ਪੰਜ ਉਮੀਦਵਾਰਾਂ ਵਿਚ ਹੁਸ਼ਿਆਰਪੁਰ ਤੋਂ ਰਕੇਸ਼ ਕੁਮਾਰ ਸੁਮਨ,  ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲਾ ਤੋਂ ਜਗਜੀਤ ਛੜਬੜ ਅਤੇ ਜਲੰਧਰ ਤੋਂ ਬਲਵਿੰਦਰ ਕੁਮਾਰ ਸ਼ਾਮਲ ਹਨ।

ਇਹ ਵੀ ਪੜ੍ਹੋ- ਢੀਂਡਸਾ ਧੜੇ ਨੇ ਕੀਤਾ ਸਪੱਸ਼ਟ, ਝੂੰਦਾਂ ਦਾ ਨਹੀਂ ਦੇਣਗੇ ਸਾਥ