Punjab

ਕੋਰੋਨਾ ਕਰਕੇ ਵਿਚਾਲੇ ਲਟਕਿਆ ਜੱਸਾ ਸਿੰਘ ਆਹਲੂਵਾਲੀਆ ਇਮਾਰਤ ਦਾ ਕੰਮ, ਹੈਰੀਟੇਜ਼ ਸਟਰੀਟ ‘ਚ ਬੁੱਤ ਲਾਉਣ ਦੀ ਵੀ ਮੰਗ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨੇੜੇ ਬਣੀ ਜੱਸਾ ਸਿੰਘ ਆਹਲੂਵਾਲੀਆ ਕਿਲੇ ਦੀ ਵਿਰਾਸਤੀ ਇਮਾਰਤ ਦੀ ਸਾਭ ਸੰਭਾਲ ਨੂੰ ਲੈ ਕੇ ਆਹਲੂਵਾਲੀਆ ਮੈਮੋਰੀਅਲ ਸੁਸਾਇਟੀ ਨੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ  ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ।

 

25 ਜੁਲਾਈ ਨੂੰ ਜਦੋ ਆਹਲੂਵਾਲੀਆ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਸਮੇਤ ਪ੍ਰਬੰਧਕਾਂ ਵੱਲੋਂ ਕਿਲੇ ਦਾ ਦੌਰਾ ਕੀਤਾ ਗਿਆ ਤਾਂ ਉਸ ਸਮੇਂ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਨੇ ਕਿਲੇ ਦੀ ਇਮਾਰਤ ਦਾ ਕੰਮ ਪੂਰਾ ਕਰਨ ਲਈ ਕਿਹਾ ਹੈ ਤਾਂ ਜੋ ਜਿੰਨਾਂ ਹੋ ਸਕੇ ਉਨੀ ਜਲਦੀ ਇਮਾਰਤ ਦਾ ਕੰਮ ਮੁਕੰਮਲ ਹੋ ਸਕੇ।

 

ਪ੍ਰਦੀਪ ਸਿੰਘ ਵਾਲੀਆ ਮੁਤਾਬਿਕ, ਜੱਸਾ ਸਿੰਘ ਆਹਲੂਵਾਲੀਆ ਕਿਲੇ ਦੀ ਸਾਭ ਸੰਭਾਲ ਲਈ 2 ਕਰੋੜ 22 ਲੱਖ ਰੁਪਏ ਦੀ ਇੱਕ ਯੋਜਨਾ ਤਿਆਰ ਕੀਤੀ ਗਈ ਸੀ,ਜਿਸ ਦਾ ਟੈਂਡਰ 24 ਜਨਵਰੀ 2019 ਨੂੰ ਪਾਸ ਕੀਤਾ ਗਿਆ ਸੀ। ਇਸੇ ਯੋਜਨਾ ਤਹਿਤ ਇਸ ਮਹੀਨੇ ਜੁਲਾਈ 2020 ‘ਚ ਕਿਲੇ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਜਾਣਾ ਸੀ, ਜੋ ਕੋਰੋਨਾ ਕਰਕੇ ਪੂਰਾ ਨਹੀਂ ਹੋ ਸਕਿਆ।

 

ਜਿਸ ਕਰਕੇ ਸੁਸਾਇਟੀ ਦੇ ਪ੍ਰਧਾਨ ਨੇ ਖਦਸ਼ਾਂ ਜਾਹਿਰ ਕਰਦਿਆਂ ਕਿਹਾ ਕਿ, ਮੌਜੂਦਾ ਸਮੇਂ ਵਿੱਚ ਕਿਲੇ ਦੀ ਮੁਰੰਮਤ ਦਾ ਕੰਮ ਵਿਚਾਲੇ ਹੀ ਛੱਡਿਆ ਜਾ ਸਕਦਾ ਹੈ, ਕਿਉਂਕਿ ਜਿਹੜੀ ਏਜੰਸੀ ਵੱਲੋਂ ਕਿਲੇ ਦੀ ਮੁਰੰਮਤ ਲਈ ਯੋਜਨਾ ਤਿਆਰ ਕੀਤੀ ਗਈ ਸੀ ਉਸ ਨੇ ਬਾਕੀ ਰਕਮ ਵਾਪਿਸ ਲੈਣ ਦੀ ਮੰਗ ਕੀਤੀ ਹੈ ਕਿਉਂਕਿ ਕੰਮ ਸਹੀਂ ਸਮੇਂ ‘ਤੇ ਪੂਰਾ ਨਹੀਂ ਹੋ ਸਕਿਆ।

 

ਇਸ ਸਬੰਧੀ ਸੁਸਾਇਟੀ ਨੇ ਮੁੱਖ ਮੰਤਰੀ ਦੇ ਨਾਲ-ਨਾਲ ਸੈਰ ਸਪਾਟਾ ਵਿਭਾਗ ਨੂੰ ਵੀ ਵਿਰਾਸਤੀ ਇਮਾਰਤ ਦਾ ਕੰਮ ਮੁਕੰਮਲ ਕਰਨ ਅਤੇ ਹੈਰੀਟੇਜ਼ ਸਟ੍ਰੀਟ ‘ਚ ਜੱਸਾ ਸਿੰਘ ਆਹਲੂਵਾਲੀਆ ਦਾ ਬੁੱਤ ਲਾਏ ਜਾਣ ਦੀ ਵੀ ਮੰਗ ਕੀਤੀ ਹੈ।

ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਸੈਰ ਸਪਾਟਾ ਵਿਭਾਗ ਵੱਲੋਂ ਸ਼ਹਿਰ ਵਿੱਚ ਸ਼ੁਰੂ ਕੀਤੀ ਵਿਰਾਸਤੀ ਸੈਰ ਦੌਰਾਨ ਇਹ ਕਿਲਾ ਵੀ ਬਾਹਰੋ ਆਉਣ ਵਾਲੇ ਯਾਤਰੀਆਂ ਨੂੰ ਦਿਖਾਇਆ ਜਾਂਦਾ ਹੈ।