Poetry

ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਹਨ : CM ਮਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਹਨ। ਆਪਣੇ ਟਵੀਟ ਵਿੱਚ ਉਹਨਾਂ ਸਵਾਲ ਕੀਤਾ ਹੈ ਕਿ ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ ?

ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਹਨ। ਉਹਨਾਂ ਇਸ ਗੱਲ ਦੀ ਵੀ ਹਾਮੀ ਭਰੀ ਹੈ ਕਿ ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ।

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮੁੱਖ ਮੰਤਰੀ ਪੰਜਾਬ ਦੇ ਬਿਆਨ ਦੀ ਹਾਮੀ ਭਰੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ SGPC ਨੂੰ ਅਪੀਲ ਕਰ ਚੁੱਕੇ ਹਨ ਕਿ ਗੁਰਬਾਣੀ ਪ੍ਰਸਾਰਣ ਸਾਰੇ ਮਾਧਿਅਮਾਂ ਉੱਤੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ। ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਦਰਬਾਰ ਸਾਹਿਬ ਨੂੰ ਆਧੁਨਿਕ ਟੈਕਨੌਲਜੀ ਦੇ ਨਾਲ ਲੈਸ ਕੀਤਾ ਜਾਵੇ, ਜਿੰਨ੍ਹਾ ਵੀ ਪੈਸਾ ਲੱਗੇਗਾ ਉਸਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਮੀਡੀਆ ਦਾ ਕੋਈ ਪਲੇਟਫਾਰਮ ਭਾਵੇਂ ਯੂਟਿਊਬ ਹੋਵੇ, ਭਾਵੇਂ ਹੋਰ ਸੋਸ਼ਲ ਮੀਡੀਆ ਮਾਧਿਆਮ ਹੋਣ ਜਾਂ ਫਿਰ ਕੋਈ ਵੀ ਟੀ.ਵੀ. ਚੈਨਲ ਗੁਰਬਾਣੀ ਪ੍ਰਸਾਰਣ ਚਲਾਉਣਾ ਚਾਹੁੰਦਾ ਹੋਵੇ ਉਹ ਚਲਾ ਸਕੇਗਾ। ਪਰ SGPC ਇਸ ਲਈ ਜ਼ਰੂਰ ਸੋਚੇ ਅਤੇ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਾਰੇ ਪਲੇਟਫਾਰਮਸ ਨੂੰ ਦੇਵੇ।

ਗੁਰਬਾਣੀ ਦਾ ਪ੍ਰਸਾਰਣ ਕਿਸੇ ਇੱਕ ਧਿਰ ਨੂੰ ਨਾ ਦੇਕੇ ਸਭ ਲਈ ਖੁੱਲ੍ਹਾ ਰੱਖਣ ਦੀ ਮੰਗ ਪਹਿਲਾਂ ਵੀ ਉੱਠਦੀ ਰਹੀ ਹੈ। ਪਰ ਲੰਬੇ ਸਮੇਂ ਤੋਂ ਗੁਰਬਾਣੀ ਦਾ ਪ੍ਰਸਾਰਣ ਇੱਕ ਹੀ ਟੀਵੀ ਚੈਨਲ ਕੋਲ ਹੈ। ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਇਸ ਚੈਨਲ ਨੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਵਿਖਾਉਣ ਵਾਲੇ ਨੂੰ ਵੀ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਸਨ। ਜਿਸ ਤੋਂ ਬਾਅਦ ਸੰਗਤ ਵਿੱਚ ਵੱਡਾ ਰੋਸ ਉੱਠਿਆ ਸੀ।

ਕਾਂਗਰਸ ਸਰਕਾਰ ਵੇਲੇ ਵੀ ਇਹ ਮੰਗ ਉੱਠ ਚੁੱਕੀ ਸੀ ਪਰ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ ਤੇ ਇਸ ਮਾਮਲੇ ਤੇ ਬਹੁਤ ਵਾਰ ਸਿਆਸਤ ਭਖ ਚੁੱਕੀ ਹੈ। ਪਿਛਲੇ ਲਗਭਗ 15 ਸਾਲਾਂ ਤੋਂ ਜਿਸ ਟੀਵੀ ਚੈਨਲ ਕੋਲ ਇਸਦਾ ਅਧਿਕਾਰ ਹੈ,ਉਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਸਦੀ ਮਾਲਕੀ ਪੰਜਾਬ ਦੇ ਵੱਡੇ ਸਿਆਸੀ ਪਰਿਵਾਰ ਦੀ ਹੈ ਅਤੇ ਇਕ ਵੱਡਾ ਸਿਆਸੀ ਪਰਿਵਾਰ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗੁਰਬਾਣੀ ਪ੍ਰਸਾਰਣ ਲਈ SGPC ਨੂੰ ਆਪਣਾ ਵੱਖਰਾ ਚੈਨਲ ਬਣਾਉਣ ਦੀ ਨਸੀਹਤ ਜ਼ਰੂਰ ਦਿੱਤੀ ਸੀ।ਪ੍ਰੈਸ ਵਿੱਚ ਜਾਰੀ ਇਕ ਅਧਿਕਾਰਕ ਬਿਆਨ ਵਿਚ ਉਹਨਾਂ ਨੇ ਕਿਹਾ ਸੀ ਕਿ SGPC ਨੂੰ ਗੁਰਬਾਣੀ ਪ੍ਰਸਾਰਣ ਲਈ ਇਕ ਵੱਖਰਾ ਪਲੇਟਫਾਰਮ ਬਣਾਉਣਾ ਚਾਹੀਦਾ ਤਾਂ ਜੋ ਉਥੇ ਗੁਰਬਾਣੀ ਪ੍ਰਸਾਰਣ ਚਲਾਇਆ ਜਾ ਸਕੇ ਤੇ ਇਸਦਾ ਕਿਸੇ ਇੱਕ ਨੂੰ ਇਸਦਾ ਵਪਾਰਕ ਫਾਇਦਾ ਨਾ ਲੈਣ ਦਿੱਤਾ ਜਾਵੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਣ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰ ਗੁਰੂ ਘਰਾਂ ਦੇ ਮਾਮਲਿਆਂ ਵਿਚ ਦਖ਼ਲ ਨਾ ਦੇਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੇ ਕਾਰਜ ਆਪਣੇ ਹੁੰਦੇ ਹਨ ਤੇ ਧਰਮ ਦੇ ਖੇਤਰ ਦਾ ਕਾਰਜ ਆਪਣਾ ਹੁੰਦਾ ਹੈ।