Punjab

ਪੰਜਾਬੀ ਯੂਨੀਵਰਸਿਟੀ ‘ਚ ਧਰਨਾ ਖਤਮ ! ਮ੍ਰਿਤਕ ਜਸ਼ਨਦੀਪ ਦੇ ਪਰਿਵਾਰ ਦੀਆਂ 5 ਮੰਗਾਂ ਮਨਜ਼ੂਰ ! ਪ੍ਰੋ ਸੁਰਜੀਤ ਦਾ ਭਵਿੱਖ ਹੁਣ ਇਸ ਕਮੇਟੀ ਦੇ ਹੱਥ !

ਬਿਉਰੋ ਰਿਪੋਰਟ : ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਨੂੰ ਲੈਕੇ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਲੱਗਿਆ ਧਰਨਾ ਖਤਮ ਹੋ ਗਿਆ ਹੈ । ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੀੜ੍ਹਤ ਪਰਿਵਾਰ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ । ਫੈਸਲੇ ਮੁਤਾਬਿਕ ਜਸ਼ਨਦੀਪ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪਰਿਵਾਰ ਦੇ ਇੱਕ ਮੈਂਬਰ ਦੀ ਪੜਾਈ ਮੁਫਤ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ । ਪ੍ਰੋਫੈਸਰ ਸੁਰਜੀਤ ਖਿਲਾਫ ਵਿਦਿਆਰਥਣਾਂ ਦੀ ਸ਼ਿਕਾਇਤਾਂ ਨੂੰ ਲੈਕੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਸ ਕਮੇਟੀ ਵਿੱਚ ਡਾਕਟਰ ਹਰਸ਼ਿੰਦਰ ਕੌਰ,ਰਿਟਾਇਰਡ ਜੱਜ ਜਸਵਿੰਦਰ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪ੍ਰੋਫੈਸਰ ਸੁਰਜੀਤ ‘ਤੇ ਹੋਏ ਹਮਲੇ ਦੀ ਸ਼ਿਕਾਇਤ ਨੂੰ ਲੈਕੇ ਜਿੰਨਾਂ 21 ਵਿਦਿਆਰਥੀਆਂ ਦੇ ਖਿਲਾਫ 308 ਦੇ ਪਰਚੇ ਕੀਤੇ ਗਏ ਹਨ,ਉਨ੍ਹਾਂ ਨੂੰ ਰੱਦ ਕਰਨ ਦੇ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਪ੍ਰੋਫੈਸਰ ਸੁਰਜੀਤ ਦੀ ਬਰਖ਼ਾਸਤਗੀ ‘ਤੇ ਵੀ 21 ਦਿਨ ਬਾਅਦ ਫੈਸਲਾ ਲਿਆ ਜਾਵੇਗਾ । ਦੂਜੇ ਪਾਸੇ ਵਿਦਿਆਰਥੀਆਂ ਨੇ ਵੀ ਪ੍ਰਸ਼ਾਸਨ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਕਾਰਵਾਈ ਦੀ ਰਫਤਾਰ ਢਿੱਲੀ ਰਹੀ ਤਾਂ ਮੁੜ ਧਰਨਾ ਲਾਇਆ ਜਾਵੇਗਾ।

ਪਿਛਲੇ ਹਫਤੇ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਹੋ ਗਈ ਸੀ । ਇਲਜ਼ਾਮ ਲੱਗੇ ਸਨ ਕਿ ਤਬੀਅਤ ਖਰਾਬ ਹੋਣ ਦੀ ਵਜ੍ਹਾ ਕਰਕੇ ਪ੍ਰੋਫੈਸਰ ਸੁਰਜੀਤ ਤੋਂ ਜਸ਼ਨਦੀਪ ਨੇ ਛੁੱਟੀ ਮੰਗੀ ਸੀ । ਉਸ ਨੂੰ ਸਾਹ ਦੀ ਪਰੇਸ਼ਾਨੀ ਸੀ । ਪਰ ਜਦੋਂ ਛੁੱਟੀ ਨਹੀਂ ਮਿਲੀ ਤਾਂ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਜਿਸ ਤੋਂ ਬਾਅਦ ਘਰ ਵਾਲੇ ਉਸ ਨੂੰ ਨਾਲ ਲੈ ਗਏ । ਸਮੇਂ ‘ਤੇ ਇਲਾਜ ਨਾ ਮਿਲਣ ਦੀ ਵਜ੍ਹਾ ਕਰਕੇ ਜਸ਼ਨਦੀਪ ਕੌਰ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰੋ. ਸੁਰਜੀਤ ਦੇ ਖਿਲਾਫ ਪ੍ਰਦਰਸ਼ਨ ਕੀਤਾ ਤਾਂ ਮਾਮਲਾ ਗਰਮਾ ਗਿਆ ਅਤੇ ਵਿਦਿਆਰਥੀਆਂ ਨੇ ਪ੍ਰੋਫੈਸਰ ਨਾਲ ਕੱਟਮਾਰ ਕੀਤੀ ਜਿਸ ਤੋਂ ਬਾਅਦ ਪ੍ਰੋਫੈਸਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ । ਪ੍ਰੋਫੈਸਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਵਿਦਿਆਰਥੀਆਂ ਦੇ ਖਿਲਾਫ਼ ਕੇਸ ਦਰਜ ਕਰਵਾਇਆ ਸੀ । ਜਿਸ ਤੋਂ ਭੜਕੇ ਵਿਦਿਆਰਥੀਆਂ ਨੇ ਧਰਨਾ ਲੱਗਾ ਦਿੱਤਾ ਸੀ ।