ਬਿਊਰੋ ਰਿਪੋਰਟ : ਜਲੰਧਰ ਤੋਂ ਵਿਧਾਇਕ ਬਾਬਾ ਹੈਨਰੀ ਦੇ ਨਜ਼ਦੀਕੀ ਵਾਰਡ ਨੰਬਰ 64 ਦੇ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿਕੀ ਦੀ ਜ਼ਹਿਰ ਨਿਗਲ ਨਾਲ ਮੌਤ ਹੋ ਗਈ ਹੈ । ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਸਕ੍ਰੇਡ ਹਾਰਟ ਹਸਪਤਾਲ ਲਿਆਇਆ ਗਿਆ ਸੀ । ਜਿੱਥੇ ਉਨ੍ਹਾਂ ਦਾ ਡਾਕਟਰਾਂ ਨੇ ਇਲਾਜ ਸ਼ੁਰੂ ਕੀਤੀ ਪਰ ਉਹ ਬਚ ਨਹੀਂ ਸਕੇ ।
ਵਿਧਾਇਕ ਫੰਡ ਘੁਟਾਲੇ ਵਿੱਚ ਨਾਂ ਆਇਆ ਸੀ
ਸੁਸ਼ੀਲ ਕਾਲੀਆ ਹੈਨਰੀ ਪਰਿਵਾਰ ਦੇ ਖਾਸ ਮੰਨੇ ਜਾਂਦੇ ਸਨ । ਉਨ੍ਹਾਂ ਦੇ ਪੁੱਤਰ ਅੰਸ਼ੁਮਨ ਤੇ ਰਿਸ਼ਤੇਦਾਰਾਂ ਦੇ ਖਿਲਾਫ ਪਿਛਲੇ ਸਾਲ ਪੁਲਿਸ ਨੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ । ਸੁਸ਼ੀਲ ਕਾਲੀਆ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਵਿਧਾਇਕ ਫੰਡ ਵਿੱਚ ਗੜਬੜੀ ਦਾ ਇਲਜ਼ਾਮ ਲੱਗਿਆ ਸੀ । ਸੁਸ਼ੀਲ ਕਾਲੀਆ ਨੇ ਤਾਂ ਕੇਸ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਲੈ ਲਈ ਸੀ । ਪਰ ਪੁੱਤਰ ਨੂੰ ਹਾਈਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਸੀ । ਜਿਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ । ਪਰ ਉੱਥੋਂ ਵੀ ਕੋਈ ਰਾਹਤ ਨਹੀਂ ਮਿਲੀ ।
SDM ਦੀ ਜਾਂਚ ਤੋਂ ਬਾਅਦ 20 ਲੋਕਾਂ ਦਾ ਨਾਂ ਸਾਹਮਣੇ ਆਇਆ
ਵਿਧਾਇਕ ਬਾਵਾ ਹੈਨਰੀ ਨੇ ਆਪਣੇ ਵਿਧਾਇਕ ਫੰਡ ਨਾਲ ਉੱਤਰੀ ਹਲਕੇ ਦੀਆਂ 6 ਵੈਲਫੇਅਰ ਸੁਸਾਇਟੀਆਂ ਨੂੰ 10-10 ਲੱਖ ਦੀ ਗਰਾਂਟ ਦਿੱਤੀ ਸੀ । ਪਰ ਜਿਹੜੀ ਗਰਾਂਟ ਜਾਰੀ ਹੋਈ ਸੀ ਉਹ ਬੈਂਕ ਖਾਤੇ ਤੋਂ ਨਿਕਲ ਗਈ ਪਰ ਅੱਗੇ ਵਰਤੀ ਨਹੀਂ ਗਈ। ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ SDM ਨੇ ਜਾਂਚ ਦੇ ਨਿਰਦੇਸ਼ ਦਿੱਤੇ ਅਤੇ ਕੌਂਸਲਰ ਸੁਸ਼ੀਲ ਕਾਲੀਆ ਉਨ੍ਹਾ ਦਾ ਪੁੱਤਰ ਅੰਸ਼ੁਮਨ ਸਮੇਤ 20 ਲੋਕਾਂ ਨੂੰ ਦੋਸ਼ੀ ਪਾਇਆ ਗਿਆ । ਰਿਪੋਰਟ ਦੇ ਅਧਾਰ ‘ਤੇ ਪੁਲਿਸ ਨੇ ਸਾਰਿਆਂ ਨੂੰ ਨਾਮਜ਼ਦ ਕੀਤਾ ।
ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਕੀਤੀ ਸੀ ਸ਼ਿਕਾਇਤ
ਇਸ ਘੁਟਾਲੇ ਬਾਰੇ ਸ਼ਿਕਾਇਤ ਜਲੰਧਰ ਉੱਤਰੀ ਹਲਕੇ ਦੇ ਬੀਜੇਪੀ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਡੀਸੀ ਨੂੰ ਕੀਤੀ ਸੀ । ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ -ਨਵੀਂ ਆਈ ਸੀ ਅਤੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਗਰਮਜੋਸ਼ੀ ਨਾਲ ਸ਼ੁਰੂ ਹੋਈ । ਡੀਸੀ ਵੱਲੋਂ ਜਾਂਚ ADC ਵਰਿੰਦਰਪਾਲ ਨੂੰ ਸੌਂਪ ਦਿੱਤੀ । ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਜਿਸ ਨੇ ਸਾਰੇ 20 ਮੁਲਜ਼ਮਾਂ ਖਿਲਾਫ਼ 420 ਹੇਰਾਫੇਰੀ ਦੀ ਧਾਰਾ ਜੋੜਨ ਲਈ ਕਿਹਾ ।