ਬਿਊਰੋ ਰਿਪੋਰਟ : ਕਪੂਰਥਲਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ । ਕਾਂਸਟੇਬਲ ਪਰਮਿੰਦਰ ਸਿੰਘ ਵੱਲੋਂ ਇੱਕ ਕਾਰ ਚਾਲਨ ਨੂੰ ਸਮਝਾਉਣਾ ਮਹਿੰਗਾ ਪੈ ਗਿਆ ਹੈ । ਗੱਡੀ ਓਵਰ ਟੇਕ ਕਰਨ ਨੂੰ ਲੈਕੇ ਪਰਮਿੰਦਰ ਸਿੰਘ ਨੇ ਇੱਕ ਕਾਰ ਚਾਲਕ ਵਿਨੈ ਕੁਮਾਰ ਅਤੇ ਉਸ ਦੀ ਪਤਨੀ ਅਕਵਿੰਦਰ ਕੌਰ ਨੂੰ ਰੋਕਿਆ ਤਾਂ ਪਤੀ ਦੀ ਪਛਾਣ ਤਲਵੰਡੀ ਮਹਿਕਮਾ ਵਿਖੇ ਹੋਣ ਕਾਰਨ ਉਸ ਨੇ ਆਪਣੀ ਸਾਥੀਆਂ ਨੂੰ ਮੌਕੇ ‘ਤੇ ਬੁਲਾ ਲਿਆ । ਫਿਰ ਬਹਿਸਬਾਜ਼ੀ ਭਿਆਨਕ ਲੜਾਈ ਵਿੱਚ ਤਬਦੀਲ ਹੋ ਗਈ । ਵਿਨੈ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਰੋ ਪਾਸੇ ਤੋਂ ਕਾਂਸਟੇਬਲ ਪਰਮਿੰਦਰ ਸਿੰਘ ਨੂੰ ਘੇਰਾ ਪਾ ਲਿਆ । ਫਿਰ ਤਲਵਾਰ,ਬੇਸਬਾਲ,ਇੱਟਾਂ ਨਾਲ ਪਰਮਿੰਦਰ ਸਿੰਘ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕੀਤੇ । ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਸਰੇਆਮ ਹੋਇਆ ਪਰ ਕਿਸੇ ਨੇ ਵੀ ਕਾਂਸਟੇਬਲ ਪਰਮਿੰਦਰ ਸਿੰਘ ਦੀ ਮਦਦ ਨਹੀਂ ਕੀਤੀ । ਅੱਧ ਮਰਾ ਛੱਡ ਕੇ ਵਿਨੈ ਆਪਣੇ ਸਾਥੀ ਨਾਲ ਫਰਾਰ ਹੋ ਗਿਆ । ਕਾਂਸਟੇਬਲ ਨੂੰ ਪਹਿਲਾਂ ਕਪੂਰਥਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਫਿਰ ਗੰਭੀਰ ਹਾਲਤ ਦੀ ਵਜ੍ਹਾ ਕਰਕੇ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਵਾਰਦਾਤ 15 ਅਕਤੂਬਰ 2022 ਦੀ ਹੈ ਪਰ ਹੁਣ ਇਸ ਨੂੰ ਲੈਕੇ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਉਹ ਹੋਰ ਵੀ ਦਰਦਨਾਕ ਹੈ।
ਕੋਮਾ ਵਿੱਚ ਰਿਹਾ ਕਾਂਸਟੇਬਲ ਪਰਮਿੰਦਰ ਸਿੰਘ
ਪਰਿਵਾਰ ਮੁਤਾਬਿਕ ਕਾਂਸਟੇਬਲ ਪਰਮਿੰਦਰ ਸਿੰਘ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਵਜ੍ਹਾ ਕਰਕੇ ਉਸ ਦੇ ਸਰੀਰ ਦੇ ਹਰ ਹਿੱਸੇ ਵਿੱਚ ਗੰਭੀਰ ਸੱਟਾਂ ਲੱਗਿਆਂ । ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਵਜ੍ਹਾ ਕਰਕੇ ਪਰਮਿੰਦਰ ਸਿੰਘ ਦੀ ਹਾਲਤ ਗੰਭੀਰ ਹੋ ਗਈ ਸੀ ਅਤੇ ਉਹ ਕੋਮਾ ਵਿੱਚ ਚੱਲਾ ਗਿਆ ਸੀ । 3 ਮਹੀਨੇ ਤੱਕ ਪਰਮਿੰਦਰ ਸਿੰਘ ਰੋਜ਼ ਜ਼ਿੰਦਗੀ ਦੀ ਜੰਗ ਲੜ ਦੇ ਲੜ ਦੇ ਹੁਣ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਰਮਿੰਦਰ ਦੀ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ । ਪਰਮਿੰਦਰ ਸਿੰਘ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਪਿੰਡ ਵਾਲਿਆਂ ਨੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗੀ ਕੀਤੀ ਹੈ। ਹੁਣ ਤੱਕ ਪੁਲਿਸ ਨੇ ਮੁਲਜ਼ਮ ਵਿਨੈ ਕੁਮਾਰ ਉਸ ਦੀ ਪਤਨੀ ਸਮੇਤ 8 ਲੋਕਾਂ ਦੇ ਖਿਲਾਫ਼ ਸਿਰਫ਼ ਮਾਮਲਾ ਹੀ ਦਰਜ ਕੀਤਾ ਗਿਆ ਹੈ । ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ । ਪਰਿਵਾਰ ਨੇ ਸਾਫ ਕਹਿ ਦਿੱਤਾ ਹੈ ਕਿ ਜਦੋਂ ਤੱਕ ਮੁਖ ਮੁਲਜ਼ਮ ਨਹੀਂ ਫੜਿਆ ਜਾਂਦਾ ਹੈ ਤਾਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ।
8 ਲੋਕਾਂ ਖਿਲਾਫ਼ ਮਾਮਲਾ ਦਰਜ
CIA ਸਟਾਫ ਪਰਮਿੰਦਰ ਸਿੰਘ ‘ਤੇ ਹਮਲਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮਹਿਲਾ ਸਮੇਤ 8 ਮੁਲਜ਼ਮਾਂ ਦੇ ਖਿਲਾਫ਼ ਸਦਨ ਥਾਣਾ ਵਿੱਚ ਕੇਸ ਦਰਜ ਕੀਤਾ ਹੈ । ਨਾਮਜ਼ਦ ਲੋਕਾਂ ਦੀ ਪਛਾਣ ਵਿਨੈ ਕੁਮਾਰ,ਮਨੀ,ਅਕਵਿੰਦਰ ਕੌਰ,ਕਾਲੂ,ਪਰਨਦੀਪ,ਜਰਨੈਲ ਸਿੰਘ,ਅਜੈ,ਵਿਸ਼ਾਲ ਦੇ ਰੂਪ ਵਿੱਚ ਹੋਇਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ 3 ਮਹੀਨੇ ਬਾਅਦ ਵੀ ਪੁਲਿਸ ਨੇ ਸਿਰਫ਼ ਮਾਮਲਾ ਹੀ ਦਰਜ ਕੀਤਾ ਹੈ। ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ । ਉਹ ਵੀ ਉਦੋ ਜਦੋਂ ਮ੍ਰਿਤਕ ਪੁਲਿਸ ਮਹਿਕਮੇ ਦਾ ਹੀ ਮੁਲਾਜ਼ਮ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੋਵੇ। ਇਸ ਤੋਂ ਵੀ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਦੇ ਲਈ ਧਰਨਾ ਲਾਉਣਾ ਪੈ ਰਿਹਾ ਹੋਵੇ। ਪੁਲਿਸ ਦਾ ਇਹ ਹਾਲ ਵੇਖ ਕੇ ਆਮ ਇਨਸਾਨ ਕਿੰਨਾਂ ਨਿਰਾਸ਼ ਹੋਵੇਗਾ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਪਿਤਾ ਦੀ ਮੌਤ ਤੋਂ ਬਾਅਦ ਮਿਲੀ ਸੀ ਨੌਕਰੀ
CIA ਸਟਾਫ ਵਿੱਚ ਤਾਇਨਾਤ ਕਾਂਸਟੇਬਲ ਪਰਮਿੰਦਰ ਸਿੰਘ ਸਿੱਧੇ ਪੁਲਿਸ ਵਿੱਚ ਭਰਤੀ ਨਹੀਂ ਹੋਇਆ ਸੀ । ਪਰਮਿੰਦਰ ਸਿੰਘ ਨੂੰ ਪੁਲਿਸ ਵਿੱਚ ਨੌਕਰੀ ਉਨ੍ਹਾਂ ਦੇ ਪਿਤਾ ਦੀ ਥਾਂ ‘ਤੇ ਮਿਲੀ ਸੀ । ਪਰਮਿੰਦਰ ਸਿੰਘ ਦੇ ਪਿਤਾ ਦੀ ਮੌਤ ਡਿਊਟੀ ਦੇ ਦੌਰਾਨ ਹੋ ਗਈ ਸੀ । ਪਰ ਪੁੱਤਰ ਵੀ ਜ਼ਿਆਦਾ ਦੇਰ ਆਪਣਾ ਫਰਜ਼ ਨਹੀਂ ਨਿਭਾ ਸਕਿਆ ।