Punjab

ਜਲੰਧਰ ਜ਼ਿਮਨੀ ਚੋਣ : ਪੋਲਿੰਗ ਬੂਥਾਂ ‘ਤੇ ਇਕ ਪ੍ਰੀਜ਼ਾਈਡਿੰਗ ਅਫ਼ਸਰ ਤੇ ਤਿੰਨ ਪੋਲਿੰਗ ਅਫ਼ਸਰ ਹੋਣਗੇ ਤਾਇਨਾਤ : ਡਿਪਟੀ ਕਮਿਸ਼ਨਰ

ਜਲੰਧਰ : ਜ਼ਿਲ੍ਹਾ ਚੋਣ ਅਫ਼ਸਰ ਨਿਯੁਕਤ ਕੀਤੇ ਗਏ ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਵੱਲੋਂ ਮੰਗਲਵਾਰ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੌਰਾਨ ਤਾਇਨਾਤ ਕੀਤੀਆਂ ਜਾਣ ਵਾਲੀਆਂ ਪੋਲਿੰਗ ਪਾਰਟੀਆਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਕਰਵਾਈ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਮਨੀ ਚੋਣ ਲਈ 10 ਮਈ 2023 ਨੂੰ ਵੋਟਾਂ ਪੈਣਗੀਆਂ, ਜਿਸ ਦੇ ਲਈ 13 ਤੋਂ 20 ਅਪ੍ਰੈਲ ਤੱਕ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ 21 ਅਪ੍ਰੈਲ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। ਉਪਰੰਤ 24 ਅਪ੍ਰੈਲ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਦੀ ਰੈਂਡਮਾਈਜ਼ੇਸ਼ਨ ਲਈ ਐਨਆਈਸੀ ਦਾ ਸਾਫ਼ਟਵੇਅਰ ਵਰਤਿਆ ਗਿਆ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਚੋਣ ਲਈ ਪੂਰੇ ਜ਼ਿਲ੍ਹੇ ਵਿੱਚ 1972 ਪੋਲਿੰਗ ਬੂਥ ਸਥਾਪਤ ਹੋਣਗੇ, ਜਿਥੇ ਹਰੇਕ ਬੂਥ ‘ਤੇ ਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਤਿੰਨ ਪੋਲਿੰਗ ਅਫ਼ਸਰਾਂ ਦੀ ਨਿਯੁਕਤੀ ਲਈ ਲੋੜੀਂਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਪੋਲਿੰਗ ਸਟਾਫ਼ ਨੂੰ ਅਲਾਟ ਕੀਤੇ ਗਏ ਚੋਣ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਨਿਰਧਾਰਿਤ ਕੀਤੇ ਟ੍ਰੇਨਿੰਗ ਵਾਲੇ ਸਥਾਨ ‘ਤੇ 16 ਅਪ੍ਰੈਲ ਨੂੰ ਪਹਿਲੀ ਸਿਖਲਾਈ ਦੌਰਾਨ ਚੋਣ ਡਿਊਟੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

ਇਸ ਤੋਂ ਬਾਅਦ 25 ਅਪ੍ਰੈਲ, 30 ਅਪ੍ਰੈਲ ਅਤੇ 9 ਮਈ ਨੂੰ ਕ੍ਰਮਵਾਰ ਦੂਜੀ, ਤੀਜੀ ਅਤੇ ਚੌਥੀ ਤੇ ਆਖਰੀ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਭਗ 11 ਹਜ਼ਾਰ ਪੋਲਿੰਗ ਕਰਮਚਾਰੀਆਂ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਗੱਲ ਕਹੀ ਹੈ ਤੇ ਇਹ ਵੀ ਦੱਸਿਆ ਹੈ ਕਿ ਸਮੁੱਚੇ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ।