ਬਿਊਰੋ ਰਿਪੋਰਟ :ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅੱਜ 2005 ਦੇ ਇੱਕ ਕੇਸ ਦੀ ਸੁਣਵਾਈ ਲਈ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਸੁਰੱਖਿਆ ਕਾਰਨਾਂ ਦੇ ਕਰਕੇ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਹਵਾਰਾ ਕਮੇਟੀ ਦੇ ਮੈਂਬਰ ਪ੍ਰੋ.ਬਲਜਿੰਦਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਰਾਮ ਰਹੀਮ ਵਰਗਿਆਂ ਨੂੰ ਜ਼ਮਾਨਤਾਂ ਤੱਕ ਮਿਲ ਰਹੀਆਂ ਹਨ, ਉਨ੍ਹਾਂ ਵਾਰੀ ਸੁਰੱਖਿਆ ਦੀ ਕੋਈ ਗੱਲ ਨਹੀਂ ਹੁੰਦੀ ਪਰ ਹਵਾਰਾ ਖਿਲਾਫ਼ 2005 ਤੋਂ ਦਰਜ ਕੇਸ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ।
ਹਵਾਰਾ ਨੂੰ ਬੁੜੈਲ ਜੇਲ੍ਹ ਵਿੱਚ ਸ਼ਿਫਟ ਕਰਨ ਦੇ ਮਾਮਲੇ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਬੁੜੈਲ ਜੇਲ੍ਹ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਹੈ। ਅਗਲੇ ਐਕਸ਼ਨ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਅਦਾਲਤ ਵਿੱਚ ਦੱਸਾਂਗੇ ਕਿ ਹਵਾਰਾ ਨੂੰ ਬੁੜੈਲ ਜੇਲ੍ਹ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਹੈ,ਫਿਰ ਅੱਗੇ ਦੀ ਕਾਰਵਾਈ ਤੈਅ ਕੀਤੀ ਜਾਵੇਗੀ।
ਦਰਾਸਲ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ Anti Terrorist Front of India ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਲੀਆ ਨੇ ਜਗਤਾਰ ਸਿੰਘ ਹਵਾਰਾ ਨੂੰ ਬੁੜੈਲ ਜੇਲ੍ਹ ਵਿੱਚ ਤਬਦੀਲ ਕਰਨ ਖ਼ਿਲਾਫ਼ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਮੰਗ ਕੀਤੀ ਹੈ ਕਿ ਹਵਾਰਾ ਨੂੰ ਕੇਸਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਵਿੱਚ ਹਵਾਰਾ ਦੀ ਮੌਜੂਦਗੀ ਨਾਲ ਪੰਜਾਬ ਵਿੱਚ ਹਾਲਾਤ ਖਰਾਬ ਹੋ ਸਕਦੇ ਹਨ।
ਹਵਾਰਾ ਦੇ ਵਕੀਲਾਂ ਵੱਲੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਲਗਾਈ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਹਵਾਰਾ ਨੂੰ ਚੰਡੀਗੜ੍ਹ ਵਿਚ ਪੇਸ਼ ਕੀਤਾ ਜਾਵੇ ਕਿਉਂਕਿ 1985 ਵਿਚ ਉਸ ਦੇ ਖ਼ਿਲਾਫ਼ ਐਫਆਈਆਰ ਦਰਜ ਹੋਈ ਸੀ ਅਤੇ ਤਕਰੀਬਨ 35 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਟਰਾਇਲ ਸ਼ੁਰੂ ਨਹੀਂ ਹੋਇਆ ਹੈ। ਹਵਾਰਾ ਦੇ ਵਕੀਲਾਂ ਦਾ ਦੋਸ਼ ਹੈ ਕਿ ਦਿੱਲੀ ਸਰਕਾਰ ਹਵਾਰਾ ਨੂੰ ਜਾਣਬੁੱਝ ਕੇ ਤਿਹਾੜ ਜੇਲ੍ਹ ਵਿਚ ਕੈਦ ਰੱਖ ਰਹੀ ਹੈ ਜਦਕਿ ਹਵਾਰਾ ਖ਼ਿਲਾਫ਼ ਦਿੱਲੀ ‘ਚ ਹੁਣ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ। ਹਵਾਰਾ ਦੇ ਵਕੀਲਾਂ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਗਈ ਸੀ ਪਰ ਇਸ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਅਤੇ ਹੁਣ ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਅਪਣਾ ਲਈ ਹੈ।
ਚੰਡੀਗੜ੍ਹ ਦੀ ਅਦਾਲਤ ਵੱਲੋਂ 4 ਅਕਤੂਬਰ ਨੂੰ ਜਗਤਾਰ ਸਿੰਘ ਹਵਾਰਾ ਖਿਲਾਫ਼ 2 ਕੇਸਾਂ ਵਿੱਚ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਇਹ ਕੇਸ 2005 ਵਿੱਚ ਹਵਾਰਾ ਖਿਲਾਫ਼ ਰਜਿਸਟਰਡ ਹੋਏ ਸਨ । ਅਦਾਲਤ ਨੇ ਕਿਹਾ ਕਿਉਂਕਿ ਹੁਣ ਹਵਾਰਾ ਖਿਲਾਫ਼ ਇਲਜ਼ਾਮਾਂ ‘ਤੇ ਬਹਿਸ ਸ਼ੁਰੂ ਹੋਣੀ ਹੈ ਇਸ ਲਈ ਉਸ ਦਾ ਅਦਾਲਤ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ । ਇਸ ਲਈ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਦੇ ਹੋਏ ਉਸ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।
ਚੰਡੀਗੜ੍ਹ ਦੇ ਸੈਕਟਰ 36 ਅਤੇ ਸੈਕਟਰ 17 ਵਿੱਚ ਜਗਤਾਰ ਸਿੰਘ ਹਵਾਰਾ ਖਿਲਾਫ਼ 2 FIR ਦਰਜ ਕੀਤੀਆਂ ਗਈਆਂ ਸਨ। ਇੰਨਾਂ FIR ਵਿੱਚ ਹਵਾਰਾ ‘ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਕੇਂਦਰ ਦੇ ਖਿਲਾਫ਼ ਜੰਗ ਛੇੜ ਦੀ ਯੋਜਨਾ ਤਿਆਰ ਕੀਤੀ ਸੀ । ਹਵਾਰਾ ਖਿਲਾਫ਼ ਚੰਡੀਗੜ੍ਹ ਪੁਲਿਸ ਨੇ 121, 121 A, 122, 153 ਅਤੇ IPC ਦੀ ਧਾਰਾ 120 B ਸੈਕਸ਼ 25 ਅਧੀਨ ਮਾਮਲਾ ਦਰਜ ਕੀਤਾ ਸੀ ਇਸ ਤੋਂ ਇਲਾਵਾ ਹਥਿਆਰ ਰੱਖਣ ਦੇ ਇਲ਼ਜ਼ਾਮ ਵਿੱਚ ਧਾਰ 5d 59 ਲਗਾਈ ਸੀ ਜਦਕਿ ਧਮਾਕਾਖੇਜ ਸਮਗਰੀ ਐਕਟ ਅਧੀਨ 4, 5 6 ਸੈਕਸ਼ਨਾਂ ਅਧੀਨ ਮਾਮਲਾ ਦਰਜ ਕੀਤਾ ਸੀ ।