- ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਾਂ ਤੱਕ ਪੱਜਣ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ
- ਗਲਤ ਪ੍ਰਚਾਰ ਕਰਨ ਵਾਲੇ ਨਿਊਜ਼ ਚੈਨਲਾਂ ਨੂੰ ਵੀ ਭੇਜੇ ਨੋਟਿਸ
- ਕਿਹਾ – ਨਹੀਂ ਜਾਵਾਂਗੇ ਕਿਸਾਨ ਜਥੇਬੰਦੀਆਂ ਦੀ ਕਿਸੇ ਪਾਲਿਸੀ ਤੋਂ ਬਾਹਰ
‘ਦ ਖ਼ਾਲਸ ਬਿਊਰੋ :- 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਪਤਾ ਹੋਏ ਨੌਜਵਾਨਾਂ ਦੀ ਕਾਨੂੰਨੀ ਪੈਰਵਾਈ ਕਰਨ ਲਈ ਬਹੁਤ ਸਾਰੇ ਵਕੀਲ ਅਤੇ ਜਥੇਬੰਦੀਆਂ ਅੱਗ ਆ ਰਹੀਆਂ ਹਨ। ਇਸੇ ਦੌਰਾਨ ਜਾਗੋ ਪਾਰਟੀ ਨੇ ਹਰਿਆਣਾ ਤੋਂ ਲਾਪਤਾ ਹੋਏ ਕਿਸਾਨ ਬਰਜਿੰਦਰ ਸਿੰਘ ਦੀ ਭਾਲ ਲਈ ਦਿੱਲੀ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਬਰਜਿੰਦਰ ਸਿੰਘ ਦੀ ਕਾਨੂੰਨੀ ਪੈਰਵਾਈ ਕਰ ਰਹੇ ਵਕੀਲ ਨਗਿੰਦਰ ਬੈਨੀਪਾਲ ਨੇ ਦੱਸਿਆ ਕਿ ‘ਦਿੱਲੀ ਹਾਈਕੋਰਟ ਵਿੱਚ ‘ਹੀਬੀਅਸ ਕੋਰਪਸ’ ਪਟੀਸ਼ਨ ਸਾਡੇ ਵੱਲੋਂ ਦਾਇਰ ਕੀਤੀ ਗਈ ਸੀ। ਬਰਜਿੰਦਰ ਸਿੰਘ ਕੰਡੇਲਾ ਪਿੰਡ ਦਾ ਰਹਿਣ ਵਾਲਾ ਹੈ, ਜੋ ਕਿ 24 ਜਨਵਰੀ ਨੂੰ ਆਪਣੇ ਪਿੰਡ ਵਾਲਿਆਂ ਦੇ ਨਾਲ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਵਾਸਤੇ ਆਇਆ ਸੀ। ਸ਼ਾਂਤਮਈ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਹੋਏ ਨੰਗਲੋਈ ਦੇ ਨੇੜੇ ਪੁਲਿਸ ਦਾ ਲਾਠੀਚਾਰਜ ਹੋਇਆ ਅਤੇ ਬਰਜਿੰਦਰ ਦੇ ਪਿੰਡ ਵਾਲਿਆਂ ਨੇ ਉਸ ਦਿਨ ਇਸਨੂੰ ਨੰਗਲੋਈ ਦੇ ਨੇੜੇ-ਤੇੜੇ ਵੇਖਿਆ ਸੀ।
ਉਸ ਤੋਂ ਬਾਅਦ ਇਹ ਬੰਦਾ ਲਾਪਤਾ ਹੈ ਅਤੇ ਇਸਦੇ ਪਿੰਡੇ ਵਾਲਿਆਂ ਅਤੇ ਭਰਾ ਨੇ ਕਈ ਸ਼ਿਕਾਇਤਾਂ ਕੀਤੀਆਂ, ਨੰਗਲੋਈ ਥਾਣੇ ਵਿੱਚ ਵੀ ਗਏ ਪਰ ਉਨ੍ਹਾਂ ਨੇ ਲਾਪਤਾ ਹੋਣ ਵਾਲੀ ਸ਼ਿਕਾਇਤ ਦਰਜ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਲਈ ਅਸੀਂ ਦਿੱਲੀ ਹਾਈਕੋਰਟ ਵਿੱਚ ‘ਹੀਬੀਅਸ ਕੋਰਪਸ’ ਪਟੀਸ਼ਨ ਦਾਇਰ ਕੀਤੀ ਹੈ, ਜਿਸਦਾ ਜਸਟਿਸ ਮਿਰਦੁਲ ਅਤੇ ਜਸਟਿਸ ਬੰਬਾਨੀ ਦੀ ਬੈਂਚ ਨੇ ਨੋਟਿਸ ਲੈਂਦਿਆਂ ਪੁਲਿਸ ਨੂੰ ਅੱਜ ਤੱਕ ਇਸ ਵਿਅਕਤੀ ਦੇ ਬਾਰੇ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ’।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ‘ਸਾਨੂੰ ਪਹਿਲਾਂ ਵੀ ਨੌਜਵਾਨਾਂ ਦੇ ਲਾਪਤਾ ਹੋਣ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਅਸੀਂ ਕੋਰਟ ਵਿੱਚ ਪਟੀਸ਼ਨ ਵੀ ਪਾਈ ਸੀ ਪਰ ਕੋਰਟ ਨੇ ਕਿਹਾ ਸੀ ਕਿ ਜਦੋਂ ਤੱਕ ਇਨ੍ਹਾਂ ਦੇ ਖੂਨ ਦੇ ਰਿਸ਼ਤੇਦਾਰ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ, ਉਦੋਂ ਤੱਕ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ। ਪਰ ਹੁਣ ਜਦੋਂ ਸਾਨੂੰ ਬਰਜਿੰਦਰ ਸਿੰਘ ਦੇ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਅਸੀਂ ਬਹੁਤ ਸਾਰੀਆਂ ਪਟੀਸ਼ਨਾਂ ਪਾਈਆਂ ਹਨ’।
ਜੀਕੇ ਨੇ ਕਿਹਾ ਕਿ ‘ਗਲਤ ਪ੍ਰਚਾਰ ਕਰ ਰਹੇ ਚੈਨਲਾਂ ਨੂੰ ਵੀ ਅਸੀਂ ਨੋਟਿਸ ਦੁਆਇਆ ਹੈ। ਕੰਗਣਾ ਰਣੌਤ ਦੇ ਟਵੀਟਾਂ ‘ਤੇ ਵੀ ਅਸੀਂ ਟਵਿੱਟਰ ਨੂੰ ਨੋਟਿਸ ਭੇਜਿਆ ਸੀ ਜਿਸ ਤੋਂ ਬਾਅਦ ਟਵਿੱਟਰ ਨੇ ਉਸਦੇ ਦੋ ਟਵੀਟ ਡਿਲੀਟ ਕਰ ਦਿੱਤੇ ਸਨ। ਨੌਦੀਪ ਕੌਰ ਦਾ ਮਸਲਾ ਵੀ ਅਸੀਂ ਸਭ ਤੋਂ ਪਹਿਲਾਂ ਚੁੱਕਿਆ ਹੈ’।
ਜੀਕੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ‘ਜਿਸ ਨੇ ਵੀ ਜ਼ਿਆਦਤੀ ਕੀਤੀ ਹੈ, ਉਸਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਵਾਂਗੇ। ਸਾਡੇ ਕੋਲ ਵਕੀਲ ਹਨ ਅਤੇ ਅਸੀਂ ਹਰ ਮੁੱਦੇ ‘ਤੇ ਕੇਸ ਲੜਨ ਲਈ ਤਿਆਰ ਹਾਂ। ਅਸੀਂ ਆਪਣੇ ਹੈਲਪਲਾਈਨ ਨੰਬਰ ਦਿੱਤੇ ਹੋਏ ਹਨ ਅਤੇ ਹੁਣ ਤੱਕ ਸਾਨੂੰ ਹੈਲਪਲਾਈਨ ਨੰਬਰਾਂ ਤੋਂ ਕਾਫੀ ਫੋਨ ਆ ਚੁੱਕੇ ਹਨ। ਸਾਨੂੰ 9990332290 ਨੰਬਰ ‘ਤੇ ਫੋਨ ਕਰਕੇ ਲੋੜਵੰਦ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸਾਡੇ ਕੋਲ ਹਾਲੇ ਤੱਕ ਸਿਰਫ ਇੱਕੋਂ ਹੀ ਲਾਪਤਾ ਹੋਣ ਦਾ ਕੇਸ ਆਇਆ ਹੈ। ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਤੱਕ ਪਹੁੰਚ ਕਰੋ’।
ਜੀਕੇ ਨੇ ਕਿਹਾ ਕਿ ‘ਅਸੀਂ ਕਿਸਾਨ ਜਥੇਬੰਦੀਆਂ ਦੀ ਪਾਲਿਸੀ ਤੋਂ ਬਾਹਰ ਨਹੀਂ ਜਾਵਾਂਗੇ। ਜੇਕਰ ਕਿਸਾਨ ਲੀਡਰ ਕਹਿਣਗੇ ਕਿ ਇਨ੍ਹਾਂ ਦੀ ਜ਼ਮਾਨਤ ਕਰਵਾਉਣੀ ਹੈ ਤਾਂ ਕਰਵਾਵਾਂਗੇ ਅਤੇ ਜੇਕਰ ਉਹ ਜ਼ਮਾਨਤ ਕਰਵਾਉਣ ਲਈ ਨਹੀਂ ਕਹਿਣਗੇ ਤਾਂ ਅਸੀਂ ਉਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਹਰ ਨਹੀਂ ਜਾਵਾਂਗੇ’।