Punjab

ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪਛਾਣ ਹੋ ਸਕੇਗੀ ਹੁਣ ਕੰਪਿਊਟਰ ਸਾਫ਼ਟਵੇਅਰ ਨਾਲ :ਪੰਜਾਬੀ ਯੂਨੀਵਰਸਿਟੀ ‘ਚ ਹੋਈ ਖੋਜ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਗਿਆਨ ਵਿਭਾਗ ਨੇ ਇੱਕ ਵੱਡੀ ਖੋਜ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ  ਇੱਕ ਵੈੱਬ-ਅਧਾਰਿਤ ਟੂਲ,ਜਿਸ ਦਾ ਨਿਰਮਾਣ ਯੂਨੀਵਰਸਿਟੀ ਵਿਭਾਗ ਵੱਲੋਂ ਕੀਤਾ ਗਿਆ ਹੈ,ਰਾਹੀਂ ਹੁਣ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਮਾਣਿਕਤਾ ਸਹਿਤ  ਪਛਾਣ ਕਰਨਾ ਸੰਭਵ ਹੈ।

ਖੋਜਕਰਤਾ ਕੋਮਲ ਸ਼ਰਮਾ ਨੇ ਡਾ. ਗਣੇਸ਼ ਕੁਮਾਰ ਸੇਠੀ ਅਤੇ ਡਾ. ਰਾਜੇਸ਼ ਕੁਮਾਰ ਬਾਵਾ ਦੀ ਸਾਂਝੀ ਨਿਗਰਾਨੀ ਅਧੀਨ ਇਹ ‘ਆਟੋਮੈਟਿਕ ਰਾਈਸ ਵੈਰਾਇਟੀ ਆਈਡੈਂਟੀਫਿਕੇਸ਼ਨ ਸਿਸਟਮ’ ਨਾਮ ਦਾ ਟੂਲ ਤਿਆਰ ਕੀਤਾ ਹੈ, ਜੋ ਮਸ਼ੀਨ ਲਰਨਿੰਗ ਦੀ ਵਰਤੋਂ ਕਰਦਿਆਂ ਚੌਲਾਂ ਦੇ ਬੀਜਾਂ ਦੀ ਡਿਜੀਟਲ ਇਮੇਜਿੰਗ ਰਾਹੀਂ ਚੌਲਾਂ ਦੀਆਂ ਕਿਸਮਾਂ ਦੀ ਪਛਾਣ ਅਤੇ ਵਰਗੀਕਰਨ ਕਰਨ ਦੇ ਸਮਰੱਥ ਹੈ। ਭਾਰਤੀ ਪੇਟੈਂਟ ਦਫਤਰ ਵਿੱਚ ਇਸ ਖੋਜ ਕਾਰਜ ਲਈ ਪੇਟੈਂਟ ਵੀ ਦਾਇਰ ਕਰ ਦਿੱਤਾ ਗਿਆ ਹੈ ਅਤੇ ਨਾਮਵਰ ਜਰਨਲਾਂ ਵਿੱਚ ਇਸ ਬਾਰੇ ਖੋਜ ਪੱਤਰ ਪ੍ਰਕਾਸਿ਼ਤ ਕੀਤੇ ਗਏ ਹਨ। ਇਸ ਖੋਜ ਲਈ ਖੋਜਾਰਥੀ ਕੋਮਲ ਸ਼ਰਮਾ ਨੂੰ ਤਾਮਿਲਨਾਡੂ ਦੇ ਚੇਨੱਈ ਵਿਖੇ ਆਯੋਜਿਤ ‘ਮਰੀਨ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ’ ਵਿੱਚ ‘ਨਵੀਨਤਾਕਾਰੀ ਅਤੇ ਖੋਜ ਬਾਰੇ ਅੰਤਰਰਾਸ਼ਟਰੀ ਕਾਨਫਰੰਸ’ ਦੌਰਾਨ ‘ਸਰਵੋਤਮ ਪੇਪਰ ਅਵਾਰਡ’ ਵੀ ਹਾਸਿਲ ਹੋ ਚੁੱਕਾ ਹੈ।

ਡਾ. ਗਣੇਸ਼ ਕੁਮਾਰ ਸੇਠੀ, ਸਹਾਇਕ ਪ੍ਰੋਫੈਸਰ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਦੱਸਿਆ ਕਿ ਮਸ਼ੀਨ ਲਰਨਿੰਗ ਦੀ ਵਰਤੋਂ ਨਾਲ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ visual ਵਿਲੱਖਣਤਾਵਾਂ ਦੀ ਪਛਾਣ ਕਰ ਕੇ ਚੌਲਾਂ ਦੇ ਉਤਪਾਦਾਂ ਦੀ ਪ੍ਰਮਾਣਿਕਤਾ ਬਾਰੇ ਪੁਸ਼ਟੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦਾ ਚੌਲਾਂ ਉਤਪਾਦਨ ਕਰਨ ਵਾਲਾ ਇੱਕ ਵੱਡਾ ਰਾਜ ਹੈ। ਇਸ ਖੋਜ ਦੇ ਲਾਭ ਨਾਲ ਜਿਥੇ ਕਿਸਾਨੀ ਉਤਪਾਦਕਤਾ ਵਿੱਚ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ,ਉਥੇ ਪੈਦਾ ਕੀਤੇ ਜਾਣ ਵਾਲੇ ਚੌਲਾਂ ਦੀ ਗੁਣਵੱਤਾ ਵੀ ਵਧੀਆ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ, ਇਹ ਖੋਜ ‘ਬ੍ਰੀਡਿੰਗ ਪ੍ਰਜਨਨ ਪ੍ਰੋਗਰਾਮਾਂ’ ਵਿੱਚ ਵੀ ਮਦਦਗਾਰ ਹੋ ਸਕਦੀ ਹੈ,ਜਿਸਦਾ ਮਤਲਬ ਹੈ ਕਿ ਇਹ ਚੌਲ਼ਾਂ ਦੀਆਂ ਨਵੀਆਂ ਅਜਿਹੀਆਂ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ ਜੋ ਬਿਮਾਰੀਆਂ, ਕੀੜਿਆਂ ਅਤੇ ਜਲਵਾਯੂ ਪਰਿਵਰਤਨ ਪ੍ਰਤੀ ਵਧੇਰੇ ਰੋਧਕ ਹੋਣ।

ਸੰਬੰਧਤ ਟੂਲ ਮਸ਼ੀਨ ਲਰਨਿੰਗ ਐਲਗੋਰਿਦਮ ਭਾਵ ਮਸ਼ੀਨੀ ਪੜ੍ਹਤਾਂ ਤੋਂ ਪ੍ਰਾਪਤ ਪ੍ਰਮਾਣਿਤ ਅੰਕੜਿਆਂ ਦੀ ਵਰਤੋਂ ਨਾਲ਼ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਉਹਨਾਂ ਦੀਆਂ ਰੂਪ ਵਿਗਿਆਨਿਕ, ਬਣਤਰ ਅਤੇ ਰੰਗ ਵਿਸ਼ੇਸ਼ਤਾਵਾਂ ਦੇ ਅਧਾਰ ਉੱਤੇ ਪਹਿਚਾਣਦਾ ਅਤੇ ਉਹਨਾਂ ਦਾ ਵਰਗੀਕਰਨ ਕਰਦਾ ਹੈ।

ਖੋਜ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਖੋਜਾਰਥੀ ਕੋਮਲ ਸ਼ਰਮਾ ਨੇ ਕਿਹਾ ਕਿ ਮੰਡੀ ਵਿੱਚ ਪ੍ਰਾਪਤ ਚੌਲਾਂ ਦੇ ਉਤਪਾਦਾਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ ਚੌਲਾਂ ਦੀਆਂ ਕਿਸਮਾਂ ਦੀ ਪਛਾਣ ਬਹੁਤ ਜ਼ਰੂਰੀ ਹੈ।ਇਸ ਸੰਬੰਧੀ ਵਿਕਾਸ ਲਈ ਇੱਕ ਵੱਡੀ ਚੁਣੌਤੀ ਪੰਜਾਬ ਵਿਚਲੀਆਂ ਉਪਲਬਧ ਕਿਸਮਾਂ ਦੇ ਜਨਤਕ ਬੈਂਚਮਾਰਕ ਇਮੇਜ ਡੈਟਾਸੈੱਟ ਦੀ ਅਣਉਪਲਬਧਤਾ ਸੀ। ਇਸ ਚੁਣੌਤੀ ਨੂੰ ਪੂਰਾ ਕਰਨ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ (ਮਾਝਾ, ਮਾਲਵਾ ਅਤੇ ਦੋਆਬਾ)ਵਿੱਚ ਵਧੇਰੇ ਉਗਾਈਆਂ ਜਾਣ ਵਾਲੀਆਂ ਸਾਰੀਆਂ ਕਿਸਮਾਂ ਲਈ ਇੱਕ ਇਮੇਜ ਡੈਟਾਸੈੱਟ ਬਣਾਇਆ ਗਿਆ ਸੀ।

https://twitter.com/PbiUniPatiala/status/1643557533406334977?s=20ਪੰਜਾਬ ਵਿਚਲੇ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਸ਼੍ਰੇਣੀਬੱਧ ਕਰਨ ਹਿਤ ਪ੍ਰਯੋਗਾਂ ਅਤੇ ਚਿੱਤਰਾਂ ਲਈ ਚੌਲ਼ਾਂ ਦੇ ਨਮੂਨੇ ਇਕੱਤਰ ਕਰਨ ਲਈ ਬੀਜ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਪ੍ਰਮਾਣਿਤ ਬੀਜ ਸਟੋਰਾਂ ਨਾਲ਼ ਸੰਪਰਕ ਕੀਤਾ ਗਿਆ।ਇਸ ਡੈਟਾਸੈੱਟ ਵਿੱਚ ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ 22 ਚੌਲ਼ਾਂ ਦੀਆਂ ਕਿਸਮਾਂ (7 ਬਾਸਮਤੀ ਝੋਨੇ ਦੇ ਬੀਜ ਦੀਆਂ ਕਿਸਮਾਂ, 12 ਪਰਮਲ ਝੋਨੇ ਦੇ ਬੀਜ ਦੀਆਂ ਕਿਸਮਾਂ, ਅਤੇ 3 ਹੋਰ ਝੋਨੇ ਦੇ ਬੀਜ ਦੀਆਂ ਕਿਸਮਾਂ) ਦੀਆਂ 6 ਲੱਖ ਤੋਂ ਵੱਧ ਤਸਵੀਰਾਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਕੱਤਰ ਕੀਤਾ ਡੈਟਾਸੈੱਸ ਹੋਰ ਅਗਲੇਰੀਆਂ ਖੋਜਾਂ ਲਈ ਖੋਜ ਭਾਈਚਾਰੇ ਵਾਸਤੇ ਵੀ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਖੋਜ 97.05% ਤੋਂ ਵੱਧ ਦੀ ਸ਼ੁੱਧਤਾ ਦਰ ਨਾਲ ਪੰਜਾਬ ਵਿੱਚ ਪਾਈਆਂ ਜਾਣ ਵਾਲੀਆਂ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪਛਾਣ ਕਰਨ ਅਤੇ ਵਰਗੀਕਰਨ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਦੀ ਸ਼ਲਾਘਾ ਕਰਦਿਆਂ ਖੋਜ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਦੀਆਂ ਅਜਿਹੀਆਂ ਸਮੱਸਿਆਵਾਂ ਦੇ ਬਿਹਤਰ ਹੱਲ ਲਈ ਅਜਿਹੀ ਨਿਵੇਕਲੀ ਖੋਜ ਕਰਨਾ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਖਾਸੇ ਨੂੰ ਦਰਸਾਉਂਦਾ ਹੈ,ਉੱਥੇ ਹੀ ਅਜਿਹੀਆਂ ਖੋਜਾਂ ਪੰਜਾਬੀ ਯੂਨੀਵਰਸਿਟੀ ਦੇ ਮੁਕੰਮਲ ਖਾਸੇ ਦੇ ਨਿਰਮਾਣ ਵਿੱਚ ਵੀ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੋਜ ਖੇਤੀਬਾੜੀ ਸੈਕਟਰ, ਚੌਲਾਂ ਦੇ ਵਰਤੋਂਕਾਰਾਂ ਅਤੇ ਵਾਤਾਵਰਣ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਨੂੰ ਲਾਭ ਪਹੁੰਚਾ ਸਕਦੀ ਹੈ। ਭਵਿੱਖ ਵਿੱਚ ਪੰਜਾਬੀ ਯੂਨੀਵਰਸਿਟੀ  ਨੂੰ ਅਜਿਹੀਆਂ ਖੋਜਾਂ ਦੇ ਹਵਾਲੇ ਨਾਲ਼ ਜਾਣਿਆ ਜਾਵੇਗਾ ਤਾਂ ਇਸ ਅਦਾਰੇ ਦਾ ਕੱਦ ਹੋਰ ਵੀ ਵੱਡਾ ਨਜ਼ਰ ਆਵੇਗਾ।