‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਬਾਣੀ ਪੜ੍ਹਨ ਦੇ ਨਾਲ-ਨਾਲ ਇਤਿਹਾਸਕ ਅਤੇ ਧਾਰਮਿਕ ਪੁਸਤਕਾਂ ਨੂੰ ਵੀ ਪੜ੍ਹਨ ਤਾਂ ਕਿ ਉਹ ਕੁੱਝ ਲੋਕਾਂ ਵੱਲੋਂ ਸਿੱਖ ਇਤਿਹਾਸ, ਮਰਿਆਦਾ ਅਤੇ ਪ੍ਰੰਪਰਾ ਬਾਰੇ ਪੈਦਾ ਕੀਤੇ ਜਾ ਰਹੇ ਭਰਮ-ਭੁਲੇਖਿਆਂ ਵਾਲੇ ਗਲਤ ਅਤੇ ਗੁਮਰਾਹਕੁੰਨ ਪ੍ਰਚਾਰ ਤੋਂ ਬਚ ਸਕਣ।
ਉਨ੍ਹਾਂ ਨੇ ਕੱਲ੍ਹ ਜਵੱਦੀ ਟਕਸਾਲ ਦੇ ਬਾਨੀ ਸੰਤ ਸੁੱਚਾ ਸਿੰਘ ਦੇ ਬਰਸੀ ਸਮਾਗਮਾਂ ਦੇ ਅੰਤਿਮ ਦਿਨ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਮਕਸਦ ਸ਼ਹੀਦੀਆਂ ਅਤੇ ਕੁਰਬਾਨੀਆਂ ਦੇ ਕੇ ਸਥਾਪਤ ਕੀਤੀਆਂ ਮਹਾਨ ਸੰਸਥਾਵਾਂ ਦੀ ਮਾਣ ਮਰਿਆਦਾ ਅਤੇ ਸਰਵਉੱਚਤਾ ਨੂੰ ਚੁਣੌਤੀ ਦੇਣਾ ਹੈ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਜਥੇਦਾਰ ਨੇ ਕਿਹਾ ਕਿ ਜਵੱਦੀ ਟਕਸਾਲ ਵੱਲੋਂ ਸੰਸਾਰ ਭਰ ਵਿੱਚ ਗੁਰਮਤਿ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਲਈ ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਵਧਾਈ ਦੇ ਪਾਤਰ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਜਵੱਦੀ ਟਕਸਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਦਾ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਨੇ ਹਿੱਸਾ ਲਿਆ।