ਬਿਉਰੋ ਰਿਪੋਰਟ: ਭਾਰਤ 2027 ਵਿੱਚ ਚੰਦਰਯਾਨ-4 ਲਾਂਚ ਕਰੇਗਾ। ਰਾਸ਼ਟਰੀ ਪੁਲਾੜ ਦਿਵਸ (23 ਅਗਸਤ) ਦੇ ਮੌਕੇ ’ਤੇ ਇਸਰੋ ਦੇ ਮੁਖੀ ਡਾ.ਐਸ.ਸੋਮਨਾਥ ਨੇ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ ਚੰਦਰਯਾਨ-4 ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਮਿਸ਼ਨ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ।
ਚੰਦਰਯਾਨ-4 ਚੰਦਰਮਾ ਦੀ ਸਤ੍ਹਾ ਤੋਂ ਧਰਤੀ ’ਤੇ 3-5 ਕਿਲੋ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਲਿਆਏਗਾ। ਇਸ ਪੁਲਾੜ ਯਾਨ ਵਿੱਚ ਪੰਜ ਵੱਖ-ਵੱਖ ਮਾਡਿਊਲ ਹੋਣਗੇ। ਜਦੋਂ ਕਿ 2023 ਵਿੱਚ ਚੰਦਰਮਾ ’ਤੇ ਭੇਜੇ ਗਏ ਚੰਦਰਯਾਨ-3 ਦੇ ਤਿੰਨ ਹੀ ਮਾਡਿਊਲ ਸਨ: ਪ੍ਰੋਪਲਸ਼ਨ ਮੋਡੀਊਲ (ਇੰਜਣ), ਲੈਂਡਰ ਅਤੇ ਰੋਵਰ।
ਇਸਰੋ ਮੁਖੀ ਨੇ ਇਹ ਵੀ ਕਿਹਾ ਕਿ ਭਾਰਤੀ ਪੁਲਾੜ ਸਟੇਸ਼ਨ ਦਾ ਪਹਿਲਾ ਮਾਡਿਊਲ 2028 ਵਿੱਚ ਲਾਂਚ ਕੀਤਾ ਜਾਵੇਗਾ। ਜਿਸ ਵਿੱਚ ਸਿਰਫ ਰੋਬੋਟ ਹੀ ਭੇਜੇ ਜਾਣਗੇ। ਇਸ ਸਟੇਸ਼ਨ ਵਿੱਚ ਕੁੱਲ ਪੰਜ ਮਾਡਿਊਲ ਇੱਕ-ਇੱਕ ਕਰਕੇ ਪੁਲਾੜ ਵਿੱਚ ਭੇਜੇ ਜਾਣਗੇ।
ਚੰਦਰਮਾ ਦੀ ਸਤ੍ਹਾ ’ਤੇ ਜਾਣਗੇ ਚੰਦਰਯਾਨ-4 ਦੇ 2 ਮਾਡਿਊਲ
ਚੰਦਰਯਾਨ-4 ਮਿਸ਼ਨ ਕਈ ਪੜਾਵਾਂ ਵਿੱਚ ਪੂਰਾ ਹੋਵੇਗਾ। ਚੰਦਰਮਾ ਦੇ ਪੰਧ ’ਤੇ ਪਹੁੰਚਣ ਤੋਂ ਬਾਅਦ, ਦੋ ਮਾਡਿਊਲ ਮੁੱਖ ਪੁਲਾੜ ਯਾਨ ਤੋਂ ਵੱਖ ਹੋ ਜਾਣਗੇ ਅਤੇ ਸਤ੍ਹਾ ’ਤੇ ਉਤਰ ਜਾਣਗੇ। ਦੋਵੇਂ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਇਕੱਠੇ ਕਰਨਗੇ। ਫਿਰ ਇੱਕ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਲਾਂਚ ਹਵੇਗਾ ਅਤੇ ਚੰਦਰਮਾ ਦੇ ਪੰਧ ਵਿੱਚ ਮੁੱਖ ਪੁਲਾੜ ਯਾਨ ਨਾਲ ਜੁੜ ਜਾਵੇਗਾ। ਨਮੂਨੇ ਧਰਤੀ ’ਤੇ ਵਾਪਸ ਆਉਣ ਵਾਲੇ ਪੁਲਾੜ ਯਾਨ ਨੂੰ ਟ੍ਰਾਂਸਫਰ ਕੀਤੇ ਜਾਣਗੇ।
ਇਸਰੋ ਦੇ ਵਿਗਿਆਨੀ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਇਕੱਠੇ ਕਰਨ ਲਈ ਰੋਬੋਟ ਤਿਆਰ ਕਰ ਰਹੇ ਹਨ। ਡੂੰਘੀ ਡ੍ਰਿਲਿੰਗ ਤਕਨੀਕ ’ਤੇ ਕੰਮ ਕੀਤਾ ਜਾ ਰਿਹਾ ਹੈ। ਨਮੂਨੇ ਇਕੱਠੇ ਕਰਨ ਲਈ ਕੰਟੇਨਰ ਅਤੇ ਡੌਕਿੰਗ ਵਿਧੀ ਦੀ ਤਕਨੀਕ ਵਿਕਸਿਤ ਕੀਤੀ ਜਾ ਰਹੀ ਹੈ।