ਬਿਉਰੋ ਰਿਪੋਰਟ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਰਤਨ ਟਾਟਾ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ “ਐਕਸ’ ਪੋਸਟ ਰਾਹੀਂ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਆਪਣੀ ਪੋਸਟ ਵਿੱਚ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਲਿਖਿਆ, “ਮੇਰੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ। ਮੈਂ ਅਤੇ ਇਜ਼ਰਾਈਲ ਦੇ ਬਹੁਤ ਸਾਰੇ ਲੋਕ ਰਤਨ ਨਵਲ ਟਾਟਾ ਦੀ ਮੌਤ ’ਤੇ ਸੋਗ ਵਿਅਕਤ ਕਰਦੇ ਹਾਂ।”
ਬੈਂਜਾਮਿਨ ਨੇਤਨਯਾਹੂ ਨੇ ਲਿਖਿਆ, “ਰਤਨ ਟਾਟਾ ਭਾਰਤ ਦੇ ਮਾਣਮੱਤੇ ਪੁੱਤਰ ਅਤੇ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਦੇ ਹਮਾਇਤੀ ਸਨ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀਆਂ ਸੰਵੇਦਨਾਵਾਂ ਹਨ।”
ਇਸੇ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਰਤਨ ਟਾਟਾ ਦੀ ਮੌਤ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ, “ਰਤਨ ਟਾਟਾ ਦੀ ਦੂਰਅੰਦੇਸ਼ੀ ਅਗਵਾਈ ਨੇ ਭਾਰਤ ਅਤੇ ਫਰਾਂਸ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਿਚ ਯੋਗਦਾਨ ਪਾਇਆ। ਫਰਾਂਸ ਨੇ ਭਾਰਤ ਤੋਂ ਆਪਣਾ ਪਿਆਰਾ ਦੋਸਤ ਗੁਆ ਦਿੱਤਾ ਹੈ।”
ਉਦਯੋਗਪਤੀ ਰਤਨ ਟਾਟਾ ਦਾ ਬੀਤੇ ਬੁੱਧਵਾਰ ਯਾਨੀ 9 ਅਕਤੂਬਰ ਨੂੰ 86 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਟਾਟਾ ਗਰੁੱਪ ਦੀ ਤਰਫੋਂ ਇੱਕ ਬਿਆਨ ਜਾਰੀ ਕਰਕੇ ਰਤਨ ਟਾਟਾ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਕਈ ਦਿੱਗਜਾਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।