India International

ਫਰਾਂਸ ‘ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, ਵਿਦਿਆਰਥੀ ਵੀਜ਼ਾ ‘ਤੇ ਵੀ ਮਿਲੀ ਛੋਟ, ਜਾਣੋ

You will be able to make payments through UPI in France, get discounts on student visas, know

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭੁਗਤਾਨ ਪ੍ਰਣਾਲੀ ‘ਯੂਨੀਫਾਇਡ ਪੇਮੈਂਟ ਇੰਟਰਫੇਸ’ (UPI) ਦੀ ਵਰਤੋਂ ‘ਤੇ ਭਾਰਤ ਅਤੇ ਫਰਾਂਸ ਵਿਚਾਲੇ ਸਮਝੌਤਾ ਹੋਇਆ ਹੈ। ਜਿਸ ਤੋਂ ਬਾਅਦ ਹੁਣ ਇਸ ਨੂੰ ਇੱਥੇ ਵਰਤਿਆ ਜਾ ਸਕੇਗਾ ਅਤੇ ਭਾਰਤੀ ਇਨੋਵੇਸ਼ਨ ਲਈ ਇੱਕ ਵੱਡਾ ਬਾਜ਼ਾਰ ਖੁੱਲ ਜਾਵੇਗਾ। ਪੀ ਐੱਮ ਮੋਦੀ ਨੇ ਇਹ ਗੱਲ ਫਰਾਂਸ ਦੇ ਇੱਕ ਕਲਾ ਕੇਂਦਰ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ।

ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਭਾਰਤ ਤੋਂ ਫਰਾਂਸ ਜਾਣ ਵਾਲੇ ਸੈਲਾਨੀ ਸਿਰਫ ਰੁਪਏ ਵਿੱਚ ਕੁਝ ਵੀ ਅਦਾ ਕਰ ਸਕਣਗੇ। ਇਸ ਤੋਂ ਇਲਾਵਾ ਫਰਾਂਸ ਨੇ ਵੀ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਹੁਤ ਜਲਦੀ ਭਾਰਤੀ ਸੈਲਾਨੀ ਆਈਫਲ ਟਾਵਰ ਦੇ ਨੇੜੇ ਯੂ.ਪੀ.ਆਈ. ਦੀ ਵਰਤੋਂ ਕਰਕੇ ਰੁਪਏ ਵਿੱਚ ਭੁਗਤਾਨ ਕਰਨ ਦੇ ਯੋਗ ਹੋਣਗੇ। ਪੀ ਐੱਮ ਮੋਦੀ ਨੇ ਕਿਹਾ ਕਿ ਭਾਰਤ ਦੇ ਯੂ ਪਿਆਈ ਭੁਗਤਾਨ ਪ੍ਰਣਾਲੀ ਦੀ ਵਰਤੋਂ ਨੂੰ ਲੈ ਕੇ ਫਰਾਂਸ ਨਾਲ ਸਮਝੌਤਾ ਹੋਇਆ ਹੈ। ਇਸ ਦੀ ਸ਼ੁਰੂਆਤ ਆਈਫਲ ਟਾਵਰ ਤੋਂ ਕੀਤੀ ਜਾਵੇਗੀ ਅਤੇ ਹੁਣ ਭਾਰਤੀ ਸੈਲਾਨੀ ਆਈਫਲ ਟਾਵਰ ‘ਤੇ ਯੂ ਪਿਆਈ ਸਿਸਟਮ ਰਾਹੀਂ ਰੁਪਏ ‘ਚ ਭੁਗਤਾਨ ਕਰ ਸਕਣਗੇ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ ਨਾਲ ਸਨਮਾਨਿਤ ਕੀਤਾ। ਇਹ ਫਰਾਂਸ ਦਾ ਸਭ ਤੋਂ ਵੱਡਾ ਸਨਮਾਨ ਹੈ। ਪੀ ਐੱਮ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।

ਵੀਜ਼ਾ ‘ਤੇ ਰਾਹਤ

ਪੀਐਮ ਮੋਦੀ ਦੇ ਫਰਾਂਸ ਦੌਰੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਵੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਦੱਸਿਆ ਗਿਆ ਕਿ ਮਾਸਟਰਜ਼ ਕਰਨ ਵਾਲੇ ਵਿਦਿਆਰਥੀਆਂ ਦੇ ਵੀਜ਼ੇ ਦੀ ਮਿਆਦ ਹੁਣ 5 ਸਾਲ ਤੱਕ ਵਧਾਈ ਜਾ ਸਕਦੀ ਹੈ। ਇਸ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਫਰਾਂਸ ਨੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਦਾ ਪੰਜ ਸਾਲ ਦਾ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ।

ਇੱਥੇ ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਯਾਤਰਾ ਬਾਰੇ 10 ਮਹੱਤਵਪੂਰਨ ਗੱਲਾਂ ਹਨ:

1. ਸਾਲ 2022 ਵਿੱਚ, UPI ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਮੁੱਖ ਸੰਸਥਾ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਫਰਾਂਸ ਦੀ ਤੇਜ਼ ਅਤੇ ਸੁਰੱਖਿਅਤ ਔਨਲਾਈਨ ਭੁਗਤਾਨ ਪ੍ਰਣਾਲੀ ‘Lyra’ ਨਾਲ ਇੱਕ ਸਮਝੌਤਾ ‘ਤੇ ਹਸਤਾਖ਼ਰ ਕੀਤੇ। ਹੁਣ ਫਰਾਂਸ ਵਿੱਚ UPI ਦੀ ਵਰਤੋਂ ਕੀਤੀ ਜਾ ਸਕਦੀ ਹੈ।

2. ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਫਰਾਂਸ ਵਿੱਚ ਮਹਾਨ ਤਾਮਿਲ ਦਾਰਸ਼ਨਿਕ ਤਿਰੂਵੱਲੂਵਰ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ।

3. ਮੋਦੀ ਨੇ ਕਿਹਾ ਕਿ ਫਰਾਂਸ ਨੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਲੰਬੀ ਮਿਆਦ ਦਾ ਪੰਜ ਸਾਲ ਦਾ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਭਾਰਤ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵਿਕਸਤ ਰਾਸ਼ਟਰ ਵਜੋਂ ਉਭਰਨ ਲਈ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।

4. ਪੀ ਐੱਮ ਮੋਦੀ ਨੇ ਕਿਹਾ ਕਿ ਅੱਜ ਹਰ ਰੇਟਿੰਗ ਏਜੰਸੀ ਕਹਿ ਰਹੀ ਹੈ ਕਿ ਭਾਰਤ ਇੱਕ ਚਮਕਦਾਰ ਸਥਾਨ ਹੈ। ਹੁਣ ਭਾਰਤ ਵਿੱਚ ਨਿਵੇਸ਼ ਕਰੋ। ਇਹ ਸਹੀ ਸਮਾਂ ਹੈ। ਜਲਦੀ ਨਿਵੇਸ਼ ਕਰਨ ਵਾਲਿਆਂ ਨੂੰ ਇਸ ਦਾ ਲਾਭ ਮਿਲੇਗਾ।

5. ਪ੍ਰਧਾਨ ਮੰਤਰੀ ਮੋਦੀ ਨੇ 1981 ਵਿੱਚ ਅਹਿਮਦਾਬਾਦ ਵਿੱਚ ‘ਅਲਾਇੰਸ ਫ੍ਰੈਂਕਾਈਜ਼ ਸੈਂਟਰ’ ਦੇ ਪਹਿਲੇ ਮੈਂਬਰ ਬਣਨ ‘ਤੇ ਘੱਟੋ-ਘੱਟ ਚਾਰ ਦਹਾਕਿਆਂ ਪੁਰਾਣੇ ਫਰਾਂਸ ਨਾਲ ਆਪਣੇ ਨਿੱਜੀ ਸਬੰਧਾਂ ਨੂੰ ਵੀ ਯਾਦ ਕੀਤਾ।

6. ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਫਰਾਂਸ ਨਾਲ ਮੇਰਾ ਲਗਾਓ ਬਹੁਤ ਪੁਰਾਣਾ ਹੈ, ਅਤੇ ਮੈਂ ਇਸ ਨੂੰ ਕਦੇ ਨਹੀਂ ਭੁੱਲ ਸਕਦਾ। ਲਗਭਗ 40 ਸਾਲ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਫਰਾਂਸੀਸੀ ਸਭਿਆਚਾਰਕ ਕੇਂਦਰ ਸ਼ੁਰੂ ਕੀਤਾ ਗਿਆ ਸੀ ਅਤੇ ਉਸੇ ਕੇਂਦਰ ਦੇ ਪਹਿਲੇ ਮੈਂਬਰ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਨ।

7. ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਅਤੇ ਵਿਭਿੰਨਤਾ ਦੀ ਮਾਂ ਹੈ। ਉਨ੍ਹਾਂ ਕਿਹਾ ਕਿ ‘ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ। ਭਾਰਤ ਵਿੱਚ 100 ਤੋਂ ਵੱਧ ਭਾਸ਼ਾਵਾਂ, 1,000 ਤੋਂ ਵੱਧ ਉਪਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ ਰੋਜ਼ਾਨਾ 32,000 ਤੋਂ ਵੱਧ ਅਖ਼ਬਾਰ ਛਪਦੇ ਹਨ।

8. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੱਕ ਨਵੀਂ ਵਿਸ਼ਵ ਵਿਵਸਥਾ ਉੱਭਰ ਰਹੀ ਹੈ, ਜਿੱਥੇ ਭਾਰਤ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਵੇਗਾ। ਫਰਾਂਸ ਦੀ ਆਪਣੀ ਯਾਤਰਾ ਦੇ ਪਹਿਲੇ ਦਿਨ ਦੇ ਅੰਤ ਵਿੱਚ ਪੈਰਿਸ ਵਿੱਚ ਲਾ ਸੀਨ ਮਿਊਜ਼ੀਕਲ ਵਿੱਚ ਇੱਕ ਉਤਸ਼ਾਹੀ ਭੀੜ ਨੂੰ ਸੰਬੋਧਿਤ ਕਰਦੇ ਹੋਏ, ਪੀ ਐੱਮ ਮੋਦੀ ਨੇ ਕਿਹਾ ਕਿ ਅੱਜ, ਵਿਸ਼ਵ ਇੱਕ ਨਵੀਂ ਵਿਸ਼ਵ ਵਿਵਸਥਾ ਵੱਲ ਵਧ ਰਿਹਾ ਹੈ।

9. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੋ ਦਿਨਾਂ ਦੌਰੇ ‘ਤੇ ਹਨ। ਉਹ ਪਰੰਪਰਾਗਤ ਬੈਸਟੀਲ ਡੇਅ ਮਿਲਟਰੀ ਪਰੇਡ ਵਿਚ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰੇਗਾ ਅਤੇ ਮੁੱਖ ਨਵੇਂ ਰੱਖਿਆ ਸੌਦਿਆਂ ‘ਤੇ ਚਰਚਾ ਕਰੇਗਾ।

10. ਭਾਰਤ ਫਰਾਂਸੀਸੀ ਹਥਿਆਰਾਂ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਪੀ ਐੱਮ ਮੋਦੀ ਨੇ 2015 ਵਿੱਚ ਪੈਰਿਸ ਦੌਰੇ ਦੌਰਾਨ 36 ਰਾਫੇਲ ਲੜਾਕੂ ਜਹਾਜ਼ਾਂ ਲਈ ਇਤਿਹਾਸਕ ਸੌਦੇ ਦਾ ਐਲਾਨ ਕੀਤਾ ਸੀ। ਜਿਸ ਦੀ ਲਾਗਤ ਉਸ ਸਮੇਂ ਲਗਭਗ 4 ਬਿਲੀਅਨ ਯੂਰੋ (4.24 ਬਿਲੀਅਨ ਡਾਲਰ) ਸੀ। ਉਹ ਇਸ ਦੌਰੇ ਦੌਰਾਨ ਅਤਿ-ਆਧੁਨਿਕ ਜਹਾਜ਼ਾਂ ਦੇ 26 ਹੋਰ ਸਮੁੰਦਰੀ ਸੰਸਕਰਨਾਂ ਦੀ ਖ਼ਰੀਦ ਦੇ ਨਾਲ-ਨਾਲ ਤਿੰਨ ਸਕਾਰਪੀਨ ਸ਼੍ਰੇਣੀ ਦੀਆਂ ਪਣਡੁੱਬੀਆਂ ਲਈ ਸੌਦੇ ਦਾ ਐਲਾਨ ਕਰਨ ਦੀ ਸੰਭਾਵਨਾ ਹੈ।