International

ਪਾਕਿਸਤਾਨ ‘ਚ ਭਾਰਤ ਦੇ ਦੋ ਅਧਿਕਾਰੀ ਗ੍ਰਿਫਤਾਰ ਕਰਨ ਮਗਰੋਂ ਛੱਡੇ

‘ਦ ਖ਼ਾਲਸ ਬਿਊਰੋ :- ਪਾਕਸਿਤਾਨ ਦੇ ਇਸਲਾਮਾਬਾਦ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦੋ ਅਧਿਕਾਰੀਆਂ ਨੂੰ ਅੱਜ ਪਾਕਿਸਤਾਨ ‘ਚ ਗ੍ਰਿਫ਼ਤਾਰ ਕਰਨ ਮਗਰੋਂ ਕਰੀਬ 10 ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ’ਤੇ ਇਸਲਾਮਾਬਾਦ ‘ਚ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰਨ ਮਗਰੋਂ ਫ਼ਰਾਰ ਹੋਣ ਦਾ ਇਲਜ਼ਾਮ ਲਾਇਆ ਗਿਆ ਸੀ। ਰਿਪੋਰਟ ਮੁਤਾਬਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਫੱਟੜ ਹੋ ਗਿਆ ਸੀ। ਅਧਿਕਾਰੀ ਹੁਣ ਹਾਈ ਕਮਿਸ਼ਨ ਵਾਪਸ ਆ ਗਏ ਹਨ।

ਇੱਕ ਰਿਪੋਰਟ ਮੁਤਾਬਕ ਬੀਐੱਮਡਬਲਿਊ ਕਾਰ ਨੇ ਸ਼ਹਿਰ ਦੀ ਅੰਬੈਸੀ ਰੋਡ ’ਤੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰੀ ਤੇ ਮੌਕੇ ਤੋਂ ਚਾਲਕਾਂ ਨੇ ਭੱਜਣ ਦਾ ਯਤਨ ਕੀਤਾ। ਕਾਰ ਨੂੰ ਮਗਰੋਂ ਵੱਡੀ ਭੀੜ ਨੇ ਘੇਰ ਲਿਆ ਤੇ ਚਾਲਕਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਪੁਲੀਸ ਨੂੰ ਪਤਾ ਲੱਗਾ ਕਿ ਉਹ ਭਾਰਤੀ ਕਮਿਸ਼ਨ ਦੇ ਅਧਿਕਾਰੀ ਹਨ। ਇੱਕ ਟੀਵੀ ਚੈਨਲ ਨੂੰ ਮੌਕੇ ’ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਜ਼ਖ਼ਮੀ ਹੋਣ ਵਾਲਾ ਫੁਟਪਾਥ ’ਤੇ ਸੀ ਜੱਦ ਉਸ ਨੂੰ ਕਾਰ ਨੇ ਟੱਕਰ ਮਾਰੀ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਸੂਚਨਾ ਸੀ ਕਿ ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨ ਦੇ ਅਮਲੇ ਦੇ ਦੋ ਮੈਂਬਰ ਲਾਪਤਾ ਹੋ ਗਏ ਹਨ।

ਇਸ ਤੋਂ ਬਾਅਦ ਭਾਰਤ ਹਾਈ ਕਮਿਸ਼ਨ ਨੇ ਇਹ ਮਾਮਲਾ ਪਾਕਿਸਤਾਨ ਦੇ ਵਿਦੇਸ਼ ਵਿਭਾਗ ਕੋਲ ਉਠਾਇਆ ਸੀ। ਵੇਰਵਿਆਂ ਮੁਤਾਬਕ ਦੋ ਜੂਨੀਅਰ ਕਰਮਚਾਰੀ ਸਰਕਾਰੀ ਡਿਊਟੀ ਲਈ ਇੱਕ ਵਾਹਨ ਵਿੱਚ ਸਵੇਰੇ 8.30 ਵਜੇ ਨਿਕਲੇ ਸਨ, ਪਰ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚੇ। ਹਾਈ ਕਮਿਸ਼ਨ ਨੇ ਸਵੇਰੇ ਨਵੀਂ ਦਿੱਲੀ ਨੂੰ ਵੀ ਮੁੱਢਲੀ ਰਿਪੋਰਟ ਸੌਂਪੀ ਸੀ।

ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਦੇ ਦੋਸ਼ਾਂ ਹੇਠ ਮੁਲਕ ਛੱਡਣ ਦੇ ਹੁਕਮ ਦਿੱਤੇ ਸਨ। ਇਨ੍ਹਾਂ ਨੂੰ ਕੱਢੇ ਜਾਣ ਮਗਰੋਂ ਪਾਕਿ ਏਜੰਸੀਆਂ ਨੇ ਭਾਰਤੀ ਹਾਈ ਕਮਿਸ਼ਨ ਦੇ ਕਈ ਅਧਿਕਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਮੁੱਖ ਭਾਰਤੀ ਕੂਟਨੀਤਕ ਗੌਰਵ ਆਹਲੂਵਾਲੀਆ ਦੀ ਕਾਰ ਦਾ ਵੀ ਦੋ ਵਾਰ ਪਿੱਛਾ ਕੀਤਾ ਗਿਆ। ਇਸ ’ਤੇ ਭਾਰਤ ਨੇ ਰੋਸ ਵੀ ਜਤਾਇਆ ਸੀ।

ਭਾਰਤ ਵੱਲੋਂ ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ, ਰੋਸ ਜਤਾਇਆ

ਭਾਰਤ ਨੇ ਆਪਣੇ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਰਿਪੋਰਟ ਆਉਣ ਤੋਂ ਬਾਅਦ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਤਲਬ ਕੀਤਾ ਤੇ ਰੋਸ ਜਤਾਇਆ। ਭਾਰਤ ਨੇ ਪਾਕਿ ਕੂਟਨੀਤਕ ਨੂੰ ਕਿਹਾ ਕਿ ਅਧਿਕਾਰੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਸਖ਼ਤ ਪੁੱਛਗਿੱਛ ਨਹੀਂ ਕੀਤੀ ਜਾਣੀ ਚਾਹੀਦੀ, ਨਾ ਹੀ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਵੇ। ਇਨ੍ਹਾਂ ਦੀ ਸੁਰੱਖਿਆ ਤੇ ਰਾਖੀ ਪਾਕਿਸਤਾਨੀ ਅਥਾਰਿਟੀ ਦੀ ਜ਼ਿੰਮੇਵਾਰੀ ਹੈ।