‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇੰਗਲੈਡ ਦੇ ਵੈਨਜਫੀਲਡ ਦੇ ਕੌਸਲਰ ਭੁਪਿੰਦਰ ਸਿੰਘ ਦੀਆ ਕੋਸ਼ਿਸ਼ਾਂ ਸਦਕਾ ਸਾਰਾਗੜ੍ਹੀ ਦੀ ਲੜਾਈ ਦੇ ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ ਦਾ 9 ਫੁੱਟ ਦਾ ਕਾਂਸੇ ਦਾ ਬੁੱਤ ਸਿੱਖ ਫ਼ੌਜੀਆਂ ਦੀ ਬਹਾਦਰੀ ਦੇ ਸਮਾਰਕ ਵਜੋਂ ਇੰਗਲੈਡ ਦੇ ਵੈਨਜ਼ਫੀਲਡ ਵਿੱਚ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।ਜਿਸ ਸਬੰਧੀ ਸਮਾਗਮ ਉਲੀਕਿਆ ਗਿਆ ਹੈ। ਇਸ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ‘ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ , ਅਮਰੀਕਾ ਤੋਂ ਸਾਰਾਗੜੀ ਫਾਊਡੇਸ਼ਨ ਦੇ ਚੈਅਰਮੇਨ ਡਾ: ਗੁਰਿੰਦਰਪਾਲ ਸਿੰਘ ਜੋਸਨ ਅਤੇ ਭਾਰਤ ਤੋਂ ਸੰਸਥਾ ਦੇ ਵਾਈਸ ਪ੍ਰਧਾਨ ਗੁਰਭੇਜ ਸਿੰਘ ਟਿੱਬੀ ਤੋਂ ਇਲਾਵਾ ਸ਼ਹੀਦ ਨਾਇਕ ਲਾਲ ਸਿੰਘ ਦਾ ਪਰਿਵਾਰ ਬਲਜੀਤ ਸਿੰਘ ਸੰਧੂ ਅਮਰੀਕਾ , ਸ਼ਹੀਦ ਹਵਾਲਦਾਰ ਈਸ਼ਰ ਸਿੰਘ ਅਤੇ ਸ਼ਹੀਦ ਬਖਤੋਰ ਸਿੰਘ ਦਾ ਪਰਿਵਾਰ ਮਨਦੀਪ ਕੌਰ ਗਿੱਲ , ਕੁਲਜੀਤ ਸਿੰਘ ਗਿੱਲ ਕਨੇਡਾ , ਸ਼ਹੀਦ ਮੰਦ ਸਿੰਘ ਦਾ ਪਰਿਵਾਰ ਭਾਰਤ ਤੋਂ ਅਤੇ ਸ਼ਹੀਦ ਸਾਹਿਬ ਸਿੰਘ ਦਾ ਪਰਿਵਾਰ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਇੰਗਲੈਂਡ ਪੁੱਜਾ ਹੈ।
ਜ਼ਿਕਰਯੋਗ ਹੈ ਕਿ 21 ਫ਼ੌਜੀਆਂ ਦੀ ਸਿੱਖ ਬਟਾਲੀਅਨ 36, ਬ੍ਰਿਟਿਸ਼ ਸਰਕਾਰ ਵੱਲੋਂ 10000 ਅਫਗਾਨੀਆਂ ਨਾਲ ਪੋਸਟ ਬਚਾਉਣ ਲਈ ਆਖਰੀ ਸਾਹ ਤੱਕ ਲੜੀ ਸੀ। ਬ੍ਰਿਟੇਨ ਦੀ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਵੈਨਜ਼ਫੀਲਡ ਤੇ ਕੌਂਸਲ ਵਲੋਂ ਤਕਰੀਬਨ 1 ਲੱਖ ਪੌਂਡ ਦਾ ਫੰਡ ਇਕੱਠਾ ਕੀਤਾ ਗਿਆ। ਵੁਲਵਰਹੈਂਪਟਨ ਕੌਂਸਲ ਵੱਲੋਂ ਪਿੱਛਲੇ ਸਾਲ ਇਸ ਯਾਦਗਾਰ ਲਈ ਜ਼ਮੀਨ 99 ਸਾਲਾ ਲੀਜ ‘ਤੇ ਦਿੱਤੀ ਗਈ ਹੈ।ਈਸ਼ਰ ਸਿੰਘ ਦਾ ਕਾਂਸੇ ਦਾ ਇਹ 9 ਫੁੱਟਾ ਬੁੱਤ ਬਲੈਕ ਕੰਟਰੀ ਦੇ ਆਰਟਿਸਟ ਲਿਉਕ ਪੈਰੀ ਵਲੋਂ ਤਿਆਰ ਕੀਤਾ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਹੋਈ ਸੀ ਤੇ 20 ਫ਼ੌਜੀ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਤਕਰੀਬਨ 6-7 ਘੰਟੇ 10000 ਤੋਂ ਵੱਧ ਅਫਗਾਨੀਆਂ ਨਾਲ ਆਖਰੀ ਸਾਹ ਤੱਕ ਲੜੇ। ਇਸ ਲੜਾਈ ਵਿਚ 200 ਤੋਂ ਵੱਧ ਅਫ਼ਗਾਨੀ ਇਹਨਾਂ ਹੱਥੋਂ ਹਲਾਕ ਹੋਏ, ਇਸ ਕਰਕੇ 12 ਸਤੰਬਰ 2021 ਨੂੰ ਇਸ ਬਹਾਦਰੀ ਦੀ ਯਾਦਗਾਰ ਦਾ ਉਦਘਾਟਨ ਕੀਤਾ ਜਾਵੇਗਾ।