ਕੈਨੇਡਾ ਜਾ ਕੇ ਉੱਥੇ ਪੱਕੇ ਤੌਰ ‘ਤੇ ਵੱਸਣ ਵਾਲਿਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਵੱਲੋਂ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਟਰੂਡੋ ਸਰਕਾਰ ਵੱਲੋਂ ਪੱਕੇ ਵਸਨੀਕਾਂ ਦੇ ਸਵਾਗਤ ਲਈ ਪੂਰੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਨੇ 10 ਦਿਨਾਂ ਵਿਚ ਹੀ ਦੋ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਹਨ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਮ ਤੌਰ ’ਤੇ 15 ਦਿਨ ਬਾਅਦ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਜਾਂਦੇ ਨੇ, ਪਰ ਇਸ ਵਾਰ ਹਫ਼ਤੇ ਬਾਅਦ ਹੀ ਡਰਾਅ ਕੱਢ ਦਿੱਤਾ ਗਿਆ।
ਇਸ ਦੇ ਚੱਲਦਿਆਂ ਇੱਕ ਹਫ਼ਤਾ ਪਹਿਲਾਂ 7 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜੇ ਗਏ ਸੀ ਤੇ ਹੁਣ ਦੂਜਾ ਡਰਾਅ ਕੱਢਦੇ ਹੋਏ ਹਜ਼ਾਰ ਹੋਰ ਪਰਵਾਸੀਆਂ ਨੂੰ ਪੱਕੇ ਕਰਨ ਵੱਲ ਪੇਸ਼ਕਦਮੀ ਕੀਤੀ ਹੈ। 2023 ਵਿਚ ਕੱਢਿਆ ਗਿਆ ਇਹ 8ਵਾਂ ਐਕਸਪ੍ਰੈੱਸ ਐਂਟਰੀ ਡਰਾਅ ਹੈ।
ਐਕਸਪ੍ਰੈੱਸ ਐਂਟਰੀ ਅਜਿਹਾ ਪ੍ਰੋਗਰਾਮ ਹੈ, ਜਿਸ ਰਾਹੀਂ ਹੁਨਰਮੰਦ ਪਰਵਾਸੀ ਸਿੱਧੇ ਤੌਰ ’ਤੇ ਕੈਨੇਡਾ ਦੇ ਪੱਕੇ ਵਾਸੀ ਬਣ ਸਕਦੇ। ਇਸ ਵਿਚ ਬਿਨੈਕਾਰਾਂ ਨੂੰ ਉਮਰ, ਪੜ੍ਹਾਈ, ਤਜਰਬੇ ਅਤੇ ਆਇਲਟਸ ਆਦਿ ਦੇ ਨੰਬਰ ਮਿਲਦੇ ਹਨ। ਕੈਨੇਡਾ ਵਿਚ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮਿਆਂ ਨੂੰ ਇਸ ਪ੍ਰੋਗਰਾਮ ਤਹਿਤ ਪੀਆਰ ਦੀ ਸਹੂਲਤ ਮਿਲ ਜਾਂਦੀ ਹੈ।
ਇਮੀਗ੍ਰੇਸ਼ਨ ਰਫ਼ਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਆਮ ਤੌਰ ’ਤੇ ਐਕਸਪ੍ਰੈੱਸ ਐਂਟਰੀ ਦੇ 3500 ਸੱਦਾ ਪੱਤਰ ਭੇਜੇ ਜਾਂਦੇ ਹਨ। ਮੰਤਰਾਲੇ ਵੱਲੋਂ ਲਗਾਤਾਰ ਵੱਡੇ ਡਰਾਅ ਕੱਢੇ ਜਾਣ ਨਾਲ ਸਕੋਰ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਡਰਾਅ 484 ਅੰਕਾਂ ’ਤੇ ਰਿਹਾ, ਬੀਤੇ ਮੰਗਲਵਾਰ 490 ਅੰਕਾਂ ਵਾਲੇ ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ। ਕੈਨੇਡਾ ਸਰਕਾਰ ਇਸ ਸਾਲ 465,000 ਨਵੇਂ ਸਥਾਈ ਵਸਨੀਕਾਂ ਦਾ ਸਵਾਗਤ ਕਰਨ ਦੀ ਤਿਆਰੀ ਵਿਚ ਹੈ।